ਜਦੋਂ ਤੱਕ ਮੋਦੀ ਪੀ.ਐੱਮ. ਹਨ, ਅਸੀਂ ਕਸ਼ਮੀਰ ''ਚ ਕੁਝ ਨਹੀਂ ਕਰ ਸਕਦੇ : ਇਮਰਾਨ

Tuesday, Feb 25, 2020 - 10:00 AM (IST)

ਜਦੋਂ ਤੱਕ ਮੋਦੀ ਪੀ.ਐੱਮ. ਹਨ, ਅਸੀਂ ਕਸ਼ਮੀਰ ''ਚ ਕੁਝ ਨਹੀਂ ਕਰ ਸਕਦੇ : ਇਮਰਾਨ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮੁੱਦੇ 'ਤੇ ਵੱਡਾ ਬਿਆਨ ਦਿੱਤਾ ਹੈ।ਇਮਰਾਨ ਖਾਨ ਦਾ ਕਹਿਣਾ ਹੈਕਿ ਜਦੋਂ ਤੱਕ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਹਨ ਪਾਕਿਸਤਾਨ ਕਸ਼ਮੀਰ ਵਿਚ ਕੁਝ ਨਹੀਂ ਕਰ ਸਕਦਾ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਇਕ ਤਰ੍ਹਾਂ ਨਾਲ ਇਮਰਾਨ ਖਾਨ ਨੇ ਭਾਰਤ ਦੀ ਮਜ਼ਬੂਤੀ ਅੱਗੇ ਹਾਰ ਮੰਨ ਲਈ ਹੈ। ਇਕ ਵਿਦੇਸ਼ੀ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਇਮਰਾਨ ਨੇ ਇਹ ਗੱਲ ਕਹੀ।

ਇਮਰਾਨ ਖਾਨ ਦੇ ਮੁਤਾਬਕ,''ਜਦੋਂ ਤੱਕ ਮੋਦੀ ਸੱਤਾ ਵਿਚ ਹਨ ਕਸ਼ਮੀਰ ਵਿਵਾਦ ਦਾ ਕੋਈ ਹੱਲ ਨਹੀਂ ਨਿਕਲ ਸਕਦਾ।'' ਇੱਥੇ ਦੱਸ ਦਈਏ ਕਿ ਮੋਦੀ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾ ਲਈ ਹੈ। ਇਸ ਦੇ ਬਾਅਦ ਪਾਕਿਸਤਾਨ ਨੇ ਦੂਜੇ ਦੇਸ਼ਾਂ ਤੋਂ ਸਮਰਥਨ ਹਾਸਲ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਕਿਸੇ ਦੇਸ਼ ਨੇ ਹਾਮੀ ਨਹੀਂ ਭਰੀ। ਇਸੇ ਕਾਰਨ ਪਾਕਿਸਤਾਨ ਕਸ਼ਮੀਰ ਮੁੱਦੇ 'ਤੇ ਚੁੱਪ ਬੈਠਣ ਲਈ ਮਜਬੂਰ ਹੋ ਚੁੱਕਾ ਹੈ।

ਕਸ਼ਮੀਰ ਮੁੱਦੇ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਇਮਰਾਨ ਖਾਨ ਨੇ ਕਿਹਾ,''ਭਾਰਤ ਦੀ ਮੌਜੂਦਾ ਸਰਕਾਰ ਤੋਂ ਮੈਨੂੰ ਕੋਈ ਆਸ ਨਹੀਂ ਹੈ। ਜਦੋਂ ਤੱਕ ਮੋਦੀ ਪ੍ਰਧਾਨ ਮੰਤਰੀ ਹਨ ਕੁਝ ਨਹੀਂ ਹੋ ਸਕਦਾ। ਆਸ ਹੈ ਕਿ ਭੱਵਿਖ ਵਿਚ ਕੋਈ ਮਜ਼ਬੂਤ ਨੇਤਾ ਆਵੇਗਾ ਅਤੇ ਫਿਰ ਅਸੀਂ ਇਸ ਮੁੱਦੇ ਨੂੰ ਹੱਲ ਕਰ ਸਕਾਂਗੇ।'' ਇਮਰਾਨ ਨੇ ਇਹ ਵੀ ਕਿਹਾ,''ਹਰ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਆਜ਼ਾਦੀ ਦੀ ਲੜਾਈ ਦੌਰਾਨ ਪੰਡਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਉਹ ਕਸ਼ਮੀਰੀਆਂ ਨੂੰ ਉਹਨਾਂ ਦੇ ਅਧਿਕਾਰ ਦੇਣਗੇ ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ।'' 

ਇਮਰਾਨ ਨੇ ਹੋਰ ਅੱਗੇ ਕਿਹਾ,''ਭਾਰਤ ਵਿਚ ਹੁਣ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇੱਥੇ ਆਰ.ਐੱਸ.ਐੱਸ. ਦੀ ਅਤਿਵਾਦੀ ਸੋਚ ਵਾਲੀ ਸਰਕਾਰ ਹੈ। ਇਹ ਲੋਕ ਨਾਜੀਵਾਦ ਤੋਂ ਪ੍ਰੇਰਿਤ ਹਨ। ਆਰ.ਐੱਸ.ਐੱਸ. ਨੇ ਮੋਦੀ ਨੂੰ ਜਨਮ ਦਿੱਤਾ ਹੈ ਜੋ ਹਿਟਲਰ ਨੂੰ ਆਪਣਾ ਆਦਰਸ਼ ਮੰਨਦੇ ਹਨ। ਇਹੀ ਕਾਰਨ ਹੈ ਕਿ ਮੋਦੀ ਨੇ 80 ਮਿਲੀਅਨ ਕਸ਼ਮੀਰੀਆਂ ਨੂੰ ਖੁੱਲ੍ਹੀ ਜੇਲ ਵਿਚ ਕੈਦ ਕਰ ਕੇ ਰੱਖਿਆ ਹੋਇਆ ਹੈ। ਮੋਦੀ ਦੇ ਰਾਜ ਵਿਚ ਮੁਸਲਿਮਾਂ ਨੂੰ ਦਬਾਇਆ ਜਾ ਰਿਹਾ ਹੈ।'' ਇਮਰਾਨ ਖਾਨ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਵਾਰ ਸਮੇਤ ਭਾਰਤ ਫੇਰੀ 'ਤੇ ਹਨ।ਇਸ ਦੌਰਾਨ ਪੀ.ਐੱਮ. ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਨੇ ਇਕ-ਦੂਜੇ ਦੀ ਤਰੀਫ ਕੀਤੀ ਹੈ। ਮੋਦੀ ਅਤੇ ਟਰੰਪ ਦੀ ਦੋਸਤੀ ਦੇਖਣ ਦੇ ਬਾਅਦ ਪਾਕਿਸਤਾਨ ਵਿਚ ਨਿਰਾਸ਼ਾ ਹੈ ਜੋ ਇਮਰਾਨ ਖਾਨ ਦੇ ਬਿਆਨ ਤੋਂ ਜ਼ਾਹਰ ਹੋ ਰਹੀ ਹੈ।


author

Vandana

Content Editor

Related News