ਇਮਰਾਨ ਨੇ ਨੌਕਰਸ਼ਾਹਾਂ ਨੂੰ ਪੁਰਾਣੀ ਸੋਚ ਬਦਲਣ ਦੇ ਦਿੱਤੇ ਨਿਰਦੇਸ਼

12/01/2019 4:35:56 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਕਹਿੰਦੇ ਹੋਏ ਨੌਕਰਸ਼ਾਹਾਂ ਨੂੰ ਆਪਣੀ ਪੁਰਾਣੀ ਸੋਚ ਬਦਲਣ ਲਈ ਕਿਹਾ ਹੈ ਕਿ ਨਵੇਂ ਪਾਕਿਸਤਾਨ ਵਿਚ ਪੁਰਾਣੀ ਵਿਵਸਥਾ ਨਹੀਂ ਚੱਲੇਗੀ। 'ਦੀ ਐਕਸਪ੍ਰੈੱਸ ਟ੍ਰਿਬਿਊਨ' ਅਖਬਾਰ ਦੀ ਖਬਰ ਦੇ ਮੁਤਾਬਕ ਇਮਰਾਨ ਨੇ ਕਿਹਾ ਕਿ ਦੇਸ਼ ਦੇ ਆਰਥਿਕ ਵਿਕਾਸ ਵਿਚ ਸਮਰੱਥ ਨੌਕਰਸ਼ਾਹੀ ਦੀ ਭੂਮਿਕਾ ਮਹੱਤਪੂਰਨ ਹੈ। ਉਨ੍ਹਾਂ ਨੇ ਨੌਕਰਸ਼ਾਹਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਬਿਲਕੁੱਲ ਗੁਣ-ਦੋਸ਼ ਦੇ ਆਧਾਰ 'ਤੇ ਆਪਣਾ ਕੰਮ ਕਰਨ। ਇਮਰਾਨ ਨੇ ਸ਼ਨੀਵਾਰ ਨੂੰ ਇੱਥੇ ਨੌਕਰਸ਼ਾਹਾਂ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਬੈਠਕ ਨੂੰ ਸੰਬੋਧਿਤ ਕਰਦਿਆਂ ਕਿਹਾ,''ਸਾਨੂੰ ਆਪਣੀ ਪੁਰਾਣੀ ਸੋਚ  ਬਦਲਣੀ ਹੋਵੇਗੀ। ਨਵੇਂ ਪਾਕਿਸਤਾਨ ਵਿਚ ਪੁਰਾਣੀ ਵਿਵਸਥਾ ਨਹੀਂ ਚੱਲੇਗੀ।'' 

ਉਨ੍ਹਾਂ ਨੇ ਨੌਕਰਸ਼ਾਹੀ ਵਿਚ ਭਾਰੀ ਫੇਰਬਦਲ ਦੇ ਇਕ ਦਿਨ ਬਾਅਦ ਇਹ ਗੱਲ ਕਹੀ। ਨੌਕਰਸ਼ਾਹੀ ਵਿਚ ਫੇਰਬਦਲ ਦੇ ਤਹਿਤ ਘੱਟੋ-ਘੱਟ 134 ਸੀਨੀਅਰ ਅਧਿਕਾਰੀਆਂ ਨੂੰ ਬਦਲਿਆ ਗਿਆ ਸੀ। ਇਮਰਾਨ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸ਼ਾਸਨ ਅਤੇ ਵਿਧੀ ਵਿਵਸਥਾ ਵਿਚ ਸੁਧਾਰ ਦੀ ਅਪੀਲ ਕੀਤੀ। ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਸੇਵਾ ਵਿਸਥਾਰ ਮਾਮਲੇ ਵਿਚ ਉੱਚ ਅਦਾਲਤ ਦੇ ਫੈਸਲੇ 'ਤੇ ਇਮਰਾਨ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਜੱਜ ਨੇ ਸੰਖੇਪ ਆਦੇਸ਼ ਵਿਚ ਉਨ੍ਹਾਂ ਦੀ ਸਰਕਾਰ ਦੀ ਕਾਨੂੰਨੀ ਟੀਮ ਦੀ ਆਲੋਚਨਾ ਨਹੀਂ ਕੀਤੀ। ਉਨ੍ਹਾਂ ਨੇ ਕਿਹਾ,''ਇਹ ਮਾਮਲਾ ਹੁਣ ਹੱਲ ਹੋ ਚੁੱਕਾ ਹੈ। ਮੈਂ ਇਸ 'ਤੇ ਹੋਰ ਕੁਝ ਨਹੀਂ ਬੋਲਣਾ ਚਾਹੁੰਦਾ।''

ਇਮਰਾਨ ਨੇ ਆਪਣੇ ਰਾਜਨੀਤਕ ਵਿਰੋਧੀ ਅਤੇ ਜੇ.ਯੂ.ਆਈ.-ਐੱਫ. ਪ੍ਰਮੁੱਖ ਮੌਲਾਨਾ ਫਜ਼ਲੁਰ ਰਹਿਮਾਨ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ,''ਫਜ਼ਲੁਰ ਰਹਿਮਾਨ ਡੀਜ਼ਲ ਪਰਮਿਟ ਹਾਸਲ ਕਰਨ ਲਈ ਇਸਲਾਮਾਬਾਦ ਆਏ ਸਨ।'' ਇਮਰਾਨ ਮੁਤਾਬਕ ਦੇਸ਼ ਵਿਚ ਮਾਫੀਆ ਹੈ ਜੋ ਇਸ ਗੱਲ ਨਾਲ ਡਰਿਆ ਹੋਇਆ ਹੈਕਿ ਉਸ ਦੇ ਭ੍ਰਿਸ਼ਟਾਚਾਰ ਦਾ ਖੁਲਾਸਾ ਹੋਵੇਗਾ ਅਤੇ ਉਸ ਨੂੰ ਜੇਲ ਜਾਣਾ ਪਵੇਗਾ।


Vandana

Content Editor

Related News