ਪਾਕਿ : ਇਮਰਾਨ ਖਾਨ ਨੇ ਮੰਗਿਆ ਮੰਤਰੀਆਂ ਦੇ ਕੰਮਾਂ ਦਾ ''ਰਿਪੋਰਟ ਕਾਰਡ''
Friday, Sep 06, 2019 - 12:37 PM (IST)

ਇਸਲਾਮਾਬਾਦ (ਏਜੰਸੀ)— ਆਰਥਿਕ ਪਰੇਸ਼ਾਨੀਆਂ ਨਾਲ ਜੂਝ ਰਹੇ ਪਾਕਿਸਤਾਨ ਵਿਚ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉੱਥੇ ਪਾਕਿਸਤਾਨੀ ਮੰਤਰੀ ਵੀ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੇ। ਹੁਣ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਮੰਤਰੀਆਂ ਤੋਂ ਜਵਾਬਦੇਹੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਮਰਾਨ ਦੇ ਦਫਤਰ ਨੇ 27 ਮੰਤਰਾਲਿਆਂ ਨੂੰ ਰਿਪੋਰਟ ਨਾ ਸੌਂਪਣ ਲਈ ਰੈੱਡ ਲੈਟਰ ਜਾਰੀ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਮੰਤਰਾਲਿਆਂ ਨੂੰ ਰੈੱਡ ਲੈਟਰ ਭੇਜਿਆ ਗਿਆ ਹੈ।
ਜੀਓ ਨਿਊਜ਼ ਮੁਤਾਬਕ ਮੰਤਰੀਆਂ ਨੂੰ ਕੰਮ ਕਰਨ ਦੀ ਆਖਰੀ ਚਿਤਾਵਨੀ ਵੀ ਦਿੱਤੀ ਗਈ ਹੈ। ਇਹ ਚਿੱਠੀ ਇਮਰਾਨ ਦੀ ਮੰਤਰਾਲੇ ਦੇ ਕੰਮਕਾਜ ਦੇ ਪ੍ਰਤੀ ਨਰਾਜ਼ਗੀ ਜ਼ਾਹਰ ਕਰਦੀ ਹੈ। ਇਮਰਾਨ ਦੇ ਦਫਤਰ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ ਇਹ ਚਿੱਠੀ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦੇ ਤਹਿਤ ਦਿੱਤੇ ਗਏ ਕੰਮਾਂ ਨੂੰ ਪੂਰਾ ਨਾ ਕਰਨ ਕਾਰਨ ਜਾਰੀ ਕੀਤੀ ਗਈ ਹੈ। ਦਫਤਰ ਨੇ ਹੁਣ ਮੰਤਰਾਲਿਆਂ ਵਿਚ ਹਰ ਪੱਧਰ 'ਤੇ ਨੌਕਰੀ ਅਤੇ ਪੋਸਟਿੰਗ ਜਿਹੇ ਮੁੱਦਿਆਂ ਦੀ ਜਾਣਕਾਰੀ ਦੇਣ ਲਈ 9 ਸਤੰਬਰ ਦੀ ਸਮੇਂ ਸੀਮਾ ਦਿੱਤੀ ਹੈ।
ਚਿੱਠੀ ਵਿਚ ਉਨ੍ਹਾਂ ਅਧਿਕਾਰੀਆਂ ਦਾ ਵੇਰਵਾ ਦੇਣ ਲਈ ਕਿਹਾ ਗਿਆ ਹੈ ਜੋ ਤਰੱਕੀ ਦੇ ਯੋਗ ਹਨ ਪਰ ਫਿਰ ਵੀ ਤਰੱਕੀ ਨਹੀਂ ਹੋਈ ਹੈ। ਇਸ ਵਿਚ ਉਨ੍ਹਾਂ ਸਰਕਾਰੀ ਅਧਿਕਾਰੀਆਂ ਦੇ ਬਾਰੇ ਵਿਚ ਵੀ ਜਾਣਕਾਰੀ ਮੰਗੀ ਗਈ ਹੈ ਜਿਨ੍ਹਾਂ ਵਿਰੁੱਧ ਅਨੁਸ਼ਾਸਨਤਮਕ ਜਾਂਚ ਤਿੰਨ ਮਹੀਨੇ ਤੋਂ ਪੈਂਡਿੰਗ ਹੈ। ਇਸ ਦੇ ਇਲਾਵਾ ਇਮਰਾਨ ਨੇ ਕਾਰਾਂ, ਮਸ਼ੀਨਰੀ ਅਤੇ ਹੋਰ ਵਸਤਾਂ ਦੇ ਬਾਰੇ ਵਿਚ ਵੇਰਵਾ ਮੰਗਿਆ ਹੈ, ਜੋ ਮੰਤਰਾਲੇ ਵੱਲੋਂ ਵਰਤੇ ਨਹੀਂ ਜਾ ਰਹੇ।