ਪਾਕਿ : ਹਿੰਦੂ ਮੰਦਰ ''ਤੇ ਹਮਲਾ ਕਰਨ ਦੇ ਮਾਮਲੇ ''ਚ 45 ਹੋਰ ਲੋਕ ਗ੍ਰਿਫ਼ਤਾਰ
Sunday, Jan 03, 2021 - 06:03 PM (IST)
ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਕੱਟੜਪੰਥੀ ਇਸਲਾਮਿਕ ਪਾਰਟੀ ਦੇ ਮੈਂਬਰਾਂ ਦੀ ਅਗਵਾਈ ਵਿਚ ਭੀੜ ਵੱਲੋਂ ਇਕ ਹਿੰਦੂ ਮੰਦਰ ਵਿਚ ਕੀਤੀ ਗਈ ਭੰਨ-ਤੋੜ ਦੀ ਘਟਨਾ ਵਿਚ ਸ਼ਾਮਲ ਹੇਣ ਦੇ ਦੋਸ਼ ਵਿਚ ਪੁਲਸ ਨੇ 45 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਗਿਣਤੀ ਵੱਧ ਕੇ 100 ਹੋ ਗਈ ਹੈ। ਖੈਬਰ ਪਖਤੂਨਖਵਾ ਵਿਚ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ ਵਿਚ ਕੁਝ ਲੋਕਾਂ ਨੇ ਬੀਤੇ ਬੁੱਧਵਾਰ ਨੂੰ ਮੰਦਰ ਦੇ ਵਿਸਥਾਰ ਕੰਮ ਦੇ ਵਿਰੋਧ ਵਿਚ ਉਸ ਵਿਚ ਭੰਨ-ਤੋੜ ਕੀਤੀ ਸੀ ਅਤੇ ਅੱਗ ਲਗਾ ਦਿੱਤੀ ਸੀ। ਇਸ ਘਟਨਾ ਦੇ ਸਿਲਸਿਲੇ ਵਿਚ ਦਰਜ ਕੀਤੀ ਗਈ ਐੱਫ.ਆਈ.ਆਰ. ਵਿਚ 350 ਤੋਂ ਵੱਧ ਲੋਕ ਨਾਮਜ਼ਦ ਹਨ।
ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਦੋਸ਼ੀਆਂ ਨੂੰ ਤਿੰਨ ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ। ਇਸ ਮੰਦਰ ਵਿਚ ਇਕ ਹਿੰਦੂ ਧਾਰਮਿਕ ਨੇਤਾ ਦੀ ਸਮਾਧੀ ਸੀ। ਮੰਦਰ ਦੀ ਦਹਾਕਿਆਂ ਪੁਰਾਣੀ ਇਮਾਰਤ ਦੀ ਮੁੜ ਉਸਾਰੀ ਦੇ ਲਈ ਹਿੰਦੂ ਭਾਈਚਾਰੇ ਨੇ ਸਥਾਨਕ ਅਧਿਕਾਰੀਆਂ ਤੋਂ ਇਜਾਜ਼ਤ ਲਈ ਸੀ। ਕੁਝ ਸਥਾਨਕ ਮੌਲਵੀਆਂ ਅਤੇ ਜਮੀਅਤ ਉਲੇਮਾ-ਏ-ਇਸਲਾਮ ਪਾਰਟੀ (ਫਜ਼ਲ ਉਰ ਰਹਿਮਾਨ ਸਮੂਹ) ਦੇ ਸਮਰਥਕਾਂ ਦੀ ਅਗਵਾਈ ਵਿਚ ਭੀੜ ਨੇ ਪੁਰਾਣੇ ਢਾਂਚੇ ਦੇ ਨਾਲ-ਨਾਲ ਨਿਰਮਾਣ ਕੰਮ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਨੇਤਾਵਾਂ ਨੇ ਮੰਦਰ 'ਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਭਾਰਤ ਨੇ ਵੀ ਮੰਦਰ ਵਿਚ ਭੰਨ-ਤੋੜ ਦੀ ਘਟਨਾ ਨੂੰ ਲੈਕੇ ਪਾਕਿਸਤਾਨ ਦੇ ਸਾਹਮਣੇ ਵਿਰੋਧ ਦਰਜ ਕਰਾਇਆ ਹੈ ਅਤੇ ਇਸ ਘਟਨਾ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੇ ਮੰਗ ਕੀਤੀ ਹੈ।
ਸੂਤਰਾਂ ਨੇ ਨਵੀਂ ਦਿੱਲੀ ਵਿਚ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਡਿਪਲੋਮੈਟਿਕ ਮਾਧਿਅਮ ਨਾਲ ਪਾਕਿਸਤਾਨ ਦੇ ਸਾਹਮਣੇ ਵਿਰੋਧ ਦਰਜ ਕਰਾਇਆ ਗਿਆ ਹੈ। ਖੈਬਰ-ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਨੁਕਸਾਨੇ ਗਏ ਮੰਦਰ ਅਤੇ ਸਮਾਧੀ ਦੀ ਜਲਦੀ ਤੋਂ ਜਲਦੀ ਮੁੜ ਉਸਾਰੀ ਕਰਾਏਗੀ। ਮੁੱਖ ਮੰਤਰੀ ਦਫਤਰ ਵੱਲੋਂ ਸ਼ਨੀਵਾਰ ਦੇਰ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ, ਖੈਬਰ-ਪਖਤੂਨਖਵਾ ਸਰਕਾਰ ਨੇ ਮੰਦਰ ਨੂੰ ਹੋਏ ਨੁਕਸਾਨ ਦੇ ਮੁਲਾਂਕਣ ਦੇ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਨਾਲ ਹੀ ਇਸ ਦੀ ਮੁੜ ਉਸਾਰੀ ਦੇ ਲਈ ਹਿੰਦੂ ਭਾਈਚਾਰੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਕਮੇਟੀ ਨੂੰ 10 ਦਿਨ ਵਿਚ ਕੰਮ ਪੂਰਾ ਕਰਨ ਲਈ ਕਿਹਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. 'ਚ ਭਾਰਤੀ ਪ੍ਰਵਾਸੀ ਨੇ ਰਚਿਆ ਇਤਿਹਾਸ, 19ਵੀਂ ਵਾਰ ਦਰਜ ਹੋਇਆ ਗਿਨੀਜ਼ ਬੁੱਕ 'ਚ ਨਾਮ
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਥਾਨਕ ਅਧਿਕਾਰੀਆਂ ਨੂੰ 5 ਜਨਵਰੀ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।ਗੌਰਤਲਬ ਹੈ ਕਿ ਹਿੰਦੂ ਭਾਈਚਾਰਾ ਪਾਕਿਸਤਾਨ ਦਾ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ। ਅਧਿਕਾਰਤ ਅਨੁਮਾਨ ਦੇ ਮੁਤਾਬਕ, ਪਾਕਿਸਤਾਨ ਵਿਚ 75 ਲੱਖ ਹਿੰਦੂ ਰਹਿੰਦੇ ਹਨ ਪਰ ਭਾਈਚਾਰੇ ਦਾ ਕਹਿਣਾ ਹੈਕਿ ਦੇਸ਼ ਵਿਚ 90 ਲੱਖ ਤੋਂ ਵੱਧ ਹਿੰਦੂ ਰਹਿੰਦੇ ਹਨ। ਪਾਕਿਸਤਾਨ ਵਿਚ ਹਿੰਦੂਆਂ ਦੀ ਜ਼ਿਆਦਾਤਰ ਆਬਾਦੀ ਸਿੰਧ ਸੂਬੇ ਵਿਚ ਰਹਿੰਦੀ ਹੈ. ਉਹ ਕੱਟੜਪੰਥੀਆਂ ਵੱਲੋਂ ਪਰੇਸ਼ਾਨ ਕੀਤੇ ਜਾਣ ਦੀ ਅਕਸਰ ਸ਼ਿਕਾਇਤ ਕਰਦੇ ਹਨ।