ਪਾਕਿ ''ਚ ਹਿੰਦੂ ਮੰਦਰ ਦੀ ਭੰਨ-ਤੋੜ ਮਾਮਲੇ ''ਚ 26 ਲੋਕ ਗ੍ਰਿਫ਼ਤਾਰ

Thursday, Dec 31, 2020 - 05:58 PM (IST)

ਪਾਕਿ ''ਚ ਹਿੰਦੂ ਮੰਦਰ ਦੀ ਭੰਨ-ਤੋੜ ਮਾਮਲੇ ''ਚ 26 ਲੋਕ ਗ੍ਰਿਫ਼ਤਾਰ

ਪੇਸ਼ਾਵਰ (ਭਾਸ਼ਾ): ਪੱਛਮੀ-ਉੱਤਰੀ ਪਾਕਿਸਤਾਨ ਦੇ ਇਕ ਹਿੰਦੂ ਮੰਦਰ ਦੀ ਮੁਰੰਮਤ ਦੇ ਕੰਮ ਦਾ ਵਿਰੋਧ ਕਰ ਰਹੇ ਲੋਕਾਂ ਨੇ ਬੀਤੇ ਦਿਨ ਮੰਦਰ ਵਿਚ ਭੰਨ-ਤੋੜ ਕੀਤੀ। ਜਿਸ ਦੇ ਬਾਅਦ ਪੁਲਸ ਨੇ ਦੇਸ਼ ਦੀ ਇਕ ਕੱਟੜਵਾਦੀ ਇਸਲਾਮੀ ਪਾਰਟੀ ਦੇ 26 ਮੈਂਬਰਾਂ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਰਹਿਮਤੁੱਲਾ ਖਾਨ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਖੈਬਰ ਪਖਤੂਨਖਵਾ ਵਿਚ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ ਵਿਚ ਮੰਦਰ 'ਤੇ ਹਮਲੇ ਦੇ ਬਾਅਦ ਕੱਟੜਪੰਥੀ ਜਮੀਅਤ ਉਲੇਮਾ-ਏ-ਇਸਲਾਮ ਪਾਰਟੀ ਦੇ ਨੇਤਾ ਰਹਿਮਤ ਸਲਾਮ ਖੱਟਕ ਸਮੇਤ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਜਮੀਅਤ ਉਲੇਮਾ-ਏ-ਇਸਲਾਮ ਪਾਰਟੀ (ਫਜ਼ਸ ਉਰ ਰਹਿਮਾਨ ਸਮੂਹ) ਦੇ ਸਮਰਥਕਾਂ ਦੀ ਅਗਵਾਈ ਵਾਲੀ ਭੀੜ ਨੇ ਮੰਦਰ ਦੇ ਵਿਸਥਾਰ ਕੰਮ ਦਾ ਵਿਰੋਧ ਕੀਤਾ ਅਤੇ ਮੰਦਰ ਦੇ ਪੁਰਾਣੇ ਢਾਂਚੇ ਦੇ ਨਾਲ-ਨਾਲ ਨਵੀਂ ਉਸਾਰੀ ਦੇ ਕੰਮ ਨੂੰ ਵੀ ਢਹਿ ਢੇਰੀ ਕਰ ਦਿੱਤਾ। ਕਰਕ ਵਿਚ ਹੋਈ ਇਸ ਘਟਨਾ ਦੀ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਘੱਟ ਗਿਣਤੀ ਹਿੰਦੂ ਭਾਈਚਾਰੇ ਨੇ ਨਿੰਦਾ ਕੀਤੀ ਹੈ।ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੇ ਲਈ ਸੰਘੀ ਸੰਸਦੀ ਸਕੱਤਰ ਲਾਲ ਚੰਦ ਮਲਹੀ ਨੇ ਇਸ ਹਮਲੇ ਦੀ ਸਖਤ ਆਲੋਚਨਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕੁਝ ਲੋਕ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਅਸਮਾਜਿਕ ਗਤੀਵਿਧੀਆਂ ਕਰ ਰਹੇ ਹਨ, ਜਿਹਨਾਂ ਨੂੰ ਸਰਕਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ। 

ਪੜ੍ਹੋ ਇਹ ਅਹਿਮ ਖਬਰ- ਇਮਰਾਨ ਖਾਨ ਦੀ ਮੂਰਖਤਾ ਕਾਰਨ ਮੋਦੀ ਦੀ ਝੋਲੀ 'ਚ ਗਿਆ ਕਸ਼ਮੀਰ : ਮਰਿਅਮ ਨਵਾਜ਼

ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਮੰਦਰ 'ਤੇ ਹਮਲੇ ਨੂੰ ਇਕ ਮੰਦਭਾਗੀ ਘਟਨਾ ਦੱਸਿਆ ਅਤੇ ਇਸ ਵਿਚ ਸ਼ਾਮਲ ਲੋਕਾਂ ਦੀ ਤੁਰੰਤ ਗ੍ਰਿਫ਼ਤਾਰੀ ਦੇ ਆਦੇਸ਼ ਦਿੱਤੇ। ਖਾਨ ਨੇ ਪੂਜਾ ਸਥਲਾਂ ਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਰੱਖਿਆ ਕੀਤੇ ਜਾਣ ਦਾ ਸੰਕਲਪ ਲਿਆ। ਹਿੰਦੂ ਭਾਈਚਾਰੇ ਦੇ ਪੇਸ਼ਾਵਰ ਦੇ ਨੇਤਾ ਹਾਰੂਨ ਸਰਬ ਦਿਆਲ ਨੇ ਕਿਹਾ ਕਿ ਇਸ ਮੰਦਰ ਕੰਪਲੈਕਸ ਵਿਚ ਇਕ ਹਿੰਦੂ ਧਾਰਮਿਕ ਨੇਤਾ ਦੀ ਸਮਾਧੀ ਹੈ ਅਤੇ ਦੇਸ਼ ਦੇ ਹਿੰਦੂ ਪਰਿਵਾਰ ਹਰੇਕ ਵੀਰਵਾਰ ਨੂੰ ਇਸ ਸਮਾਧੀ 'ਤੇ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਇਸ ਘਟਨਾ ਨੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ ਅਤੇ ਇਸਲਾਮਿਕ ਵਿਚਾਰਧਾਰਾ ਪਰੀਸ਼ਦ ਨੂੰ ਇਸ ਬਾਰੇ ਨੋਟਿਸ ਲੈਣਾ ਚਾਹੀਦਾ ਹੈ। 

ਦਿਆਲ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਧਾਰਮਿਕ ਸਥਲਾਂ 'ਤੇ ਟੂਰਿਜ਼ਮ ਨੂੰ ਵਧਾਵਾ ਦੇਣ ਦੀ ਗੱਲ ਕਰਦੇ ਹਨ ਪਰ ਦੇਸ਼ ਵਿਚ ਘੱਟ ਗਿਣਤੀਆਂ ਦੇ ਪੂਜਾ ਸਥਲ ਸੁਰੱਖਿਅਤ ਨਹੀਂ ਹਨ। ਹਿੰਦੂ ਭਾਈਚਾਰਾ ਪਾਕਿਸਤਾਨ ਦਾ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ। ਅਧਿਕਾਰਤ ਅਨੁਮਾਨ ਦੇ ਮੁਤਾਬਕ, ਪਾਕਿਸਤਾਨ ਵਿਚ 75 ਲੱਖ ਹਿੰਦੂ ਰਹਿੰਦੇ ਹਨ ਪਰ ਭਾਈਚਾਰੇ ਦਾ ਕਹਿਣਾ ਹੈਕਿ ਦੇਸ਼ ਵਿਚ 90 ਲੱਖ ਤੋਂ ਵੱਧ ਹਿੰਦੂ ਰਹਿ ਰਹੇ ਹਨ। ਪਾਕਿਸਤਾਨ ਵਿਚ ਹਿੰਦੂਆਂ ਦੀ ਜ਼ਿਆਦਾਤਰ ਆਬਾਦੀ ਸਿੰਧ ਸੂਬੇ ਵਿਚ ਰਹਿੰਦੀ ਹੈ। ਇਹ ਕੱਟੜਪੰਥੀਆਂ ਦੁਆਰਾ ਪਰੇਸ਼ਾਨ ਕੀਤੇ ਜਾਣ ਦੀਆਂ ਅਕਸਰ ਸ਼ਿਕਾਇਤਾਂ ਕਰਦੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News