72 ਸਾਲ ਬਾਅਦ ਪਾਕਿ ਦੇ ਸਿਆਲਕੋਟ ''ਚ ਦੁਬਾਰਾ ਖੁੱਲ੍ਹਿਆ ਹਿੰਦੂ ਮੰਦਰ
Monday, Jul 29, 2019 - 05:05 PM (IST)

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਪੰਜਾਬ ਦੇ ਸਿਆਲਕੋਟ ਸ਼ਹਿਰ ਵਿਚ ਸਥਿਤ 1,000 ਸਾਲ ਪੁਰਾਣਾ ਹਿੰਦੂ ਮੰਦਰ 72 ਸਾਲ ਬਾਅਦ ਲੋਕਾਂ ਲਈ ਦੁਬਾਰਾ ਖੋਲ੍ਹਿਆ ਗਿਆ ਹੈ। ਮੰਦਰ ਨੂੰ ਕਾਫੀ ਸਾਲ ਪਹਿਲਾਂ ਸੀਲ ਕਰ ਦਿੱਤਾ ਗਿਆ ਸੀ। ਢਾਰੋਵਾਲ ਵਿਚ ਸ਼ਵਾਲਾ ਤੇਜਾ ਸਿੰਘ ਮੰਦਰ ਸਰਦਾਰ ਤੇਜਾ ਸਿੰਘ ਵੱਲੋਂ ਬਣਵਾਇਆ ਗਿਆ ਸੀ। ਵੰਡ ਮਗਰੋਂ ਮੰਦਰ ਨੂੰ ਸੀਲ ਕਰ ਦਿੱਤਾ ਗਿਆ ਸੀ।
ਸਾਮਾ ਟੀ.ਵੀ. ਦੀ ਰਿਪੋਰਟ ਮੁਤਾਬਕ 1992 ਵਿਚ ਭਾਰਤ ਵਿਚ ਬਾਬਰੀ ਮਸਜਿਦ ਦੇ ਢਹਿ-ਢੇਰੀ ਕੀਤੇ ਜਾਣ ਦੇ ਵਿਰੋਧ ਵਿਚ ਭੀੜ ਵੱਲੋਂ ਇਸ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਬਾਅਦ ਸਿਆਲਕੋਟ ਦੇ ਹਿੰਦੂਆਂ ਨੇ ਮੰਦਰ ਜਾਣਾ ਬੰਦ ਕਰ ਦਿੱਤਾ ਸੀ। ਰਿਪੋਰਟ ਮੁਤਾਬਕ ਇਹ ਕਦਮ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿਰਦੇਸ਼ 'ਤੇ ਚੁੱਕਿਆ ਗਿਆ ਸੀ। ਸਾਮਾ ਟੀ.ਵੀ. ਨਾਲ ਇਕ ਹਿੰਦੂ ਵਿਅਕਤੀ ਨੇ ਗੱਲਬਾਤ ਕਰਦਿਆਂ ਕਿਹਾ,''ਅਸੀਂ ਆਪਣਾ ਮੰਦਰ ਦੁਬਾਰਾ ਖੋਲ੍ਹਣ ਲਈ ਸਰਕਾਰ ਦਾ ਧੰਨਵਾਦ ਕਰਦੇ ਹਾਂ। ਹੁਣ ਅਸੀਂ ਇੱਥੇ ਜਦੋਂ ਚਾਹੀਏ ਆ ਸਕਦੇ ਹਾਂ।''
ਡਿਪਟੀ ਕਮਿਸ਼ਨਰ ਬਿਲਾਲ ਹੈਦਰ ਨੇ ਕਿਹਾ,''ਲੋਕ ਇੱਥੇ ਕਿਸੇ ਵੀ ਸਮੇਂ ਆ ਸਕਦੇ ਹਨ।'' ਸਰਕਾਰ ਨੇ ਕਿਹਾ ਹੈ ਕਿ ਮੰਦਰ ਨੂੰ ਸੁਰੱਖਿਅਤ ਅਤੇ ਬਹਾਲ ਕਰਨ ਦਾ ਕੰਮ ਜਲਦੀ ਸ਼ੁਰੂ ਹੋਵੇਗਾ।