PTI ਨੇ ਪਾਰਟੀ ਦੇ ਸੰਸਥਾਪਕ ਮੈਂਬਰ ਹਾਮਿਦ ਦੀ ਮੈਂਬਰਸ਼ਿਪ ਕੀਤੀ ਮੁਅੱਤਲ

12/02/2019 3:54:49 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਆਪਣੀ ਹੀ ਪਾਰਟੀ ਦੇ ਸੰਸਥਾਪਕ ਮੈਂਬਰ ਅਤੇ ਸੀਨੀਅਰ ਵਕੀਲ ਹਾਮਿਦ ਖਾਨ ਨੂੰ ਐਤਵਾਰ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਹਾਮਿਦ ਖਾਨ ਨੂੰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ 'ਤੇ ਆਪਣੇ ਬਿਆਨਾਂ ਦੇ ਜ਼ਰੀਏ ਪਾਰਟੀ ਦਾ ਅਕਸਰ ਖਰਾਬ ਕਰਨ ਲਈ 'ਕਾਰਨ ਦੱਸੋ ਨੋਟਿਸ' ਵੀ ਜਾਰੀ ਕੀਤਾ ਹੈ। ਪੀ.ਟੀ.ਆਈ. ਦੇ ਸੈਕਟਰੀ ਜਨਰਲ ਆਮਿਰ ਮਹਿਮੂਦ ਕਿਯਾਨੀ ਨੇ ਹਾਮਿਦ ਖਾਨ ਨੂੰ 7 ਦਿਨਾਂ ਦੇ ਅੰਦਰ 'ਕਾਰਨ ਦੱਸੋ ਨੋਟਿਸ' ਦਾ ਲਿਖਤੀ ਜਵਾਬ ਦੇਣ ਲਈ ਕਿਹਾ ਹੈ। 

ਹਾਮਿਦ ਖਾਨ ਪਾਰਟੀ ਦਾ ਸੰਵਿਧਾਨ ਤਿਆਰ ਕਰਨ ਵਾਲੇ ਮੈਂਬਰਾਂ ਵਿਚੋਂ ਇਕ ਹਨ ਪਰ ਹੁਣ ਉਨ੍ਹਾਂ ਦੀ ਹੀ ਆਪਣੀ ਪਾਰਟੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਰਹੀ ਹੈ। ਹਾਮਿਦ ਨੇ ਹਾਲ ਹੀ ਵਿਚ ਇਕ ਟੀਵੀ ਸ਼ੋਅ ਵਿਚ ਕਿਹਾ ਸੀ ਕਿ ਪਾਰਟੀ ਕੁਝ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ। ਇਮਰਾਨ ਨੇ ਪਾਰਟੀ ਦੀ ਉੱਚ ਲੀਡਰਸ਼ਿਪ ਦੀ ਇਹ ਕਹਿ ਕੇ ਆਲੋਚਨਾ ਕੀਤੀ ਸੀ ਕਿ ਪਾਰਟੀ ਦੇ ਅੰਦਰ ਦਲ ਬਦਲੂਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਨਾਲ  ਪਾਰਟੀ ਦੀ ਮੂਲ ਵਿਚਾਰਧਾਰਾ ਨੂੰ ਨੁਕਸਾਨ ਪਹੁੰਚੇਗਾ। 

ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿਚ ਕਿਹਾ ਗਿਆ ਹੈ,''ਹਾਮਿਦ ਲਗਾਤਾਰ ਝੂਠੇ ਦੋਸ਼ਾਂ ਅਤੇ ਤੱਥਾਂ ਦੇ ਆਧਾਰ 'ਤੇ ਪਾਰਟੀ ਵਿਰੁੱਧ ਬੋਲ ਕੇ ਉਸ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਦੇ ਅਜਿਹੇ ਵਿਵਹਾਰ ਕਾਰਨ ਪਾਰਟੀ ਦੇ ਮੂਲ ਉਦੇਸ਼ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਦੇਸ਼ ਦੇ ਅੰਦਰ ਤੇ ਬਾਹਰ ਪਾਰਟੀ ਦਾ ਅਕਸ ਖਰਾਬ ਹੋਇਆ ਹੈ। ਇਸ ਲਈ ਹਾਮਿਦ 7 ਦਿਨਾਂ ਦੇ ਅੰਦਰ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਉਨ੍ਹਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ।''

ਇਸ ਦੇ ਬਾਅਦ ਪਾਰਟੀ ਸੈਕਟਰੀ ਜਨਰਲ ਨੇ ਤੁਰੰਤ ਪ੍ਰਭਾਵ ਨਾਲ ਹਾਮਿਦ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਅਤੇ ਉਨ੍ਹਾਂ ਨੂੰ ਪਾਰਟੀ ਦੇ ਮਾਮਲਿਆਂ ਅਤੇ ਨੀਤੀਗਤ ਫੈਸਲਿਆਂ 'ਤੇ ਮੀਡੀਆ ਵਿਚ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ 'ਤੇ ਵੀ ਪਾਬੰਦੀਸ਼ੁਦਾ ਕਰ ਦਿੱਤਾ। ਹਾਮਿਦ 'ਤੇ ਪੀ.ਟੀ.ਆਈ. ਦੇ ਕਿਸੇ ਵੀ ਮੈਂਬਰ ਵਿਰੁੱਧ ਬੋਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਵੇਂਕਿ ਹਾਮਿਦ ਖਾਨ ਵੱਲੋਂ ਨੋਟਿਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਹਾਮਿਦ ਨੇ ਕਿਹਾ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਅਧਿਕਾਰਤ ਨੋਟਿਸ ਨਹੀਂ ਮਿਲਿਆ ਹੈ ਅਤੇ ਉਨ੍ਹਾਂ ਨੇ ਸਿਰਫ ਮੀਡੀਆ 'ਤੇ ਹੀ ਨੋਟਿਸ ਦੇਖਿਆ ਹੈ। 

ਹਾਮਿਦ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਨੋਟਿਸ ਮਿਲਦਾ ਹੈ ਤਾਂ ਉਹ ਇਸ ਦਾ ਉਚਿਤ ਜਵਾਬ ਦੇਣਗੇ। ਉਨ੍ਹਾਂ ਨੇ ਇਸ ਗੱਲ ਦੀ ਵੀ ਆਲੋਚਨਾ ਕੀਤੀ ਕਿ ਉਨ੍ਹਾਂ ਨੂੰ ਜਾਣਕਾਰੀ ਦੇਣ ਤੋਂ ਪਹਿਲਾਂ ਹੀ ਪਾਰਟੀ ਨੇ ਮੀਡੀਆ ਨੂੰ ਨੋਟਿਸ ਭੇਜ ਦਿੱਤਾ। ਹਾਮਿਦ ਮੁਤਾਬਕ ਇਕ ਪਾਸੇ ਪਾਰਟੀ ਉਨ੍ਹਾਂ 'ਤੇ ਜਨਤਕ ਤੌਰ 'ਤੇ ਪਾਰਟੀ ਦੇ ਮਾਮਲਿਆਂ ਨੂੰ ਬਾਹਰ ਲਿਆਉਣ ਦਾ ਦੋਸ਼ ਲਗਾ ਰਹੀ ਹੈ ਅਤੇ ਦੂਜੇ ਪਾਸੇ ਉਹ ਖੁਦ ਮੀਡੀਆ ਨੂੰ ਉਨ੍ਹਾਂ ਦੇ ਮੁਅੱਤਲ ਕੀਤੇ ਜਾਣ ਦੀ ਖਬਰ ਦੇ ਰਹੀ ਹੈ। ਹਾਮਿਦ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਵੀ ਇਹ ਅਧਿਕਾਰ ਮਿਲ ਗਿਆ ਹੈ ਕਿ ਉਹ ਆਪਣਾ ਲਿਖਤੀ ਜਵਾਬ ਮੀਡੀਆ ਨੂੰ ਸੌਂਪਣ।


Vandana

Content Editor

Related News