ISI ਮੁਖੀ ਨੇ ਕਸ਼ਮੀਰ ''ਚ ਜੰਗ ਲਈ ਤਾਲਿਬਾਨ ਨੂੰ ਕੀਤੀ ਬੇਨਤੀ : ਅਹਿਸਾਨਉੱਲਾ ਅਹਿਸਾਨ

Sunday, Sep 06, 2020 - 06:30 PM (IST)

ISI ਮੁਖੀ ਨੇ ਕਸ਼ਮੀਰ ''ਚ ਜੰਗ ਲਈ ਤਾਲਿਬਾਨ ਨੂੰ ਕੀਤੀ ਬੇਨਤੀ : ਅਹਿਸਾਨਉੱਲਾ ਅਹਿਸਾਨ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਭਾਵੇਂ ਕਸ਼ਮੀਰ ਅਤੇ ਅੱਤਵਾਦ ਦੇ ਮੁੱਦੇ 'ਤੇ ਦੁਨੀਆ ਸਾਹਮਣੇ ਕੁਝ ਵੀ ਕਹੇ ਪਰ ਉਸ ਦਾ ਸੱਚ ਸਾਹਮਣੇ ਆ ਹੀ ਜਾਂਦਾ ਹੈ। ਸਾਬਕਾ ਤਾਲਿਬਾਨ ਕਮਾਂਡਰ ਅਹਿਸਾਨਉੱਲਾ ਅਹਿਸਾਨ ਇਸ ਸਾਲ ਫਰਵਰੀ ਵਿਚ ਪਾਕਿਸਤਾਨ ਦੀ ਫੌਜ ਦੇ ਸੇਫਹਾਊਸ ਤੋਂ ਫਰਾਰ ਹੋ ਗਿਆ ਸੀ। ਉਸ ਨੇ ਦੱਸਿਆ ਹੈ ਕਿ ਕਿਵੇਂ ਪਾਕਿਸਤਾਨ ਦੀ ਫੌਜ ਅਤੇ ਆਈ.ਐੱਸ.ਆਈ. ਨੇ ਭਾਰਤ ਤੇ ਅਮਰੀਕਾ ਦੀਆਂ ਫੌਜਾਂ ਨੂੰ ਨਿਸ਼ਾਨਾ ਬਣਾਉਣ ਲਈ ਕਈ ਅੱਤਵਾਦੀ ਸੰਗਠਨਾ ਦਾ ਸਹਾਰਾ ਲਿਆ ਸੀ। ਦੀ ਸੰਡੇ ਗਾਰਡੀਅਨ ਨੂੰ ਉਸ ਨੇ ਪੂਰੀ ਕਹਾਣੀ ਦੱਸੀ ਹੈ। ਅਹਿਸਾਨ ਨੇ ਦੱਸਿਆ ਹੈਕਿ ਕਿਵੇਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਤਾਲਿਬਾਨ ਨੂੰ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੀ ਤਰ੍ਹਾਂ ਕਸ਼ਮੀਰ ਵਿਚ ਭਾਰਤ ਦੇ ਖਿਲਾਫ਼ ਲੜਨ ਦੀ ਅਪੀਲ ਕੀਤੀ ਸੀ।

ਅਹਿਸਾਨਉੱਲਾ ਸਾਲ 2012 ਵਿਚ ਮਲਾਲਾ ਯੁਸੂਫਜ਼ਈ 'ਤੇ ਹਮਲੇ ਅਤੇ 2014 ਵਿਚ ਪੇਸ਼ਾਵਰ ਵਿਚ ਮਿਲਟਰੀ ਸਕੂਲ ਵਿਚ ਜਾਨਲੇਵਾ ਹਮਲੇ ਦੇ ਲਈ ਜ਼ਿੰਮੇਵਾਰ ਹੈ। ਉਸ ਨੇ ਦੱਸਿਆ ਹੈ ਕਿ ਸਾਲ 2011 ਵਿਚ ਉੱਤਰੀ ਵਜੀਰਿਸਤਾਨ ਦੇ ਮੀਰਾਨਸ਼ਾਹ ਬਾਜ਼ਾਰ ਵਿਚ ਅਹਿਸਾਨ ਦੇ ਵੌਕੀ-ਟੌਕੀ 'ਤੇ ਤਹਿਰੀਕ-ਏ-ਤਾਲਿਬਾਨ (ਟੀ.ਟੀ.ਪੀ.) ਦੇ ਸੀਨੀਅਰ ਨੇਤਾ ਮੌਲਾਨਾ ਵਲੀ-ਉਰ-ਰਹਿਮਾਨ ਮਹਿਸੂਦ ਦੇ ਸੈਕਟਰੀ ਦੀ ਕਾਲ ਆਈ। ਉਹਨਾਂ ਨੇ ਅਹਿਸਾਨ ਨਾਲ ਮਿਲਣ 'ਤੇ ਜ਼ੋਰ ਦਿੱਤਾ ਅਤੇ ਫਿਰ ਅੱਧੇ ਘੰਟੇ ਵਿਚ ਉੱਥੇ ਪਹੁੰਚ ਗਏ ਅਤੇ ਦੱਸਿਆ ਕਿ ਵਲੀ ਮਿਲਣਾ ਚਾਹੁੰਦੇ ਹਨ। ਸੈਕਟਰੀ ਨੇ ਇਹ ਵੀ ਦੱਸਿਆ ਕਿ ਅਹਿਸਾਨ ਨਾਲ ਮਿਲਣ ਦੇ ਲਈ ਅਮੀਰ ਹਕੀਮੁੱਲਾ ਮਹਿਸੂਦ ਵੀ ਆਉਣ ਵਾਲੇ ਹਨ। ਮਿਲਣ ਦੇ ਲਈ ਜਿਹੜੀ ਜਗ੍ਹਾ ਤੈਅ ਕੀਤੀ ਗਈ ਸੀ ਉੱਥੇ ਪਹੁੰਚਣ ਤੋਂ 5 ਮਿੰਟ ਪਹਿਲਾਂ ਅਹਿਸਾਨ ਦੇ ਕੋਲ ਹਕੀਮੁੱਲਾ ਦੇ ਸੱਜੇ ਹੱਥ ਲਤੀਫ ਮਹਿਸੂਦ ਦਾ ਫੋਨ ਆਇਆ ਅਤੇ ਦੱਸਿਆ ਗਿਆ ਕਿ ਸੁਰੱਖਿਆ ਕਾਰਨਾਂ ਕਾਰਨ ਮਿਲਣ ਦੀ ਜਗ੍ਹਾ ਬਦਲ ਦਿੱਤੀ ਗਈ ਹੈ।

ਬਾਅਦ ਵਿਚ ਜਦੋਂ ਮੀਟਿੰਗ ਹੋਈ ਤਾਂ ਅਹਿਸਾਨ ਨੇ ਡੀ.ਜੀ.-ਆਈ.ਐੱਸ.ਆਈ. ਜਨਰਲ ਸ਼ੂਜਾ ਪਾਸ਼ਾ ਦੀ ਵਲੀ-ਉਰ-ਰਹਿਮਾਨ ਨੂੰ ਲਿਖੀ ਚਿੱਠੀ ਦਿਖਾਈ। ਇਸ ਵਿਚ ਸ਼ੂਜਾ ਨੇ ਟੀ.ਟੀ.ਪੀ. ਨੂੰ ਲੀਡਰਸ਼ਿਪ ਦਾ ਆਫਰ ਦਿੱਤਾ ਸੀ ਕਿ ਜੇਕਰ ਟੀ.ਟੀ.ਪੀ. ਪਾਕਿਸਤਾਨ ਦੇ ਖਿਲਾਫ਼ ਹਥਿਆਰਬੰਦ ਸੰਘਰਸ਼ ਨੂੰ ਖਤਮ ਕਰ ਦੇਵੇਗਾ ਤਾਂ ਨਾ ਸਿਰਫ ਆਈ.ਐੱਸ.ਆਈ. ਉਹਨਾਂ ਨੂੰ ਅਫਗਾਨਿਸਤਾਨ ਵਿਚ ਨਾਟੋ ਬਲਾਂ ਤੋਂ ਬਚਣ ਵਿਚ ਮਦਦ ਕਰੇਗਾ ਸਗੋਂ ਵਿੱਤੀ ਅਤੇ ਮਿਲਟਰੀ ਸਮਰਥਨ ਵੀ ਦੇਵੇਗਾ। ਸ਼ੂਜਾ ਨੇ ਟੀ.ਟੀ.ਪੀ. ਦੀ ਸਮਰੱਥਾ ਅਤੇ ਤਾਕਤ ਦੀ ਤਾਰੀਫ ਵੀ ਕੀਤੀ ਅਤੇ ਉਸ ਨੂੰ ਪਾਕਿਸਤਾਨ ਦੇ ਲਈ ਮਹੱਤਵਪੂਰਨ ਦੱਸਿਆ। ਸ਼ੂਜਾ ਨੇ ਲਿਖਿਆ ਸੀ ਕਿ ਟੀ.ਟੀ.ਪੀ. ਅਤੇ ਪਾਕਿਸਤਾਨੀ ਫੌਜ ਦੇ ਵਿਚ ਗਲਤਫਹਿਮੀ ਖਤਮ ਕਰ ਇਕੱਠੇ ਕੰਮ ਕਰਨਾ ਚਾਹੀਦਾ ਹੈ।ਇਸ ਦੇ ਨਾਲ ਹੀ ਅਮਰੀਕਾ ਅਤੇ ਨਾਟੋ ਨੂੰ ਅਫਗਾਨਿਸਤਾਨ ਵਿਚੋਂ ਬਾਹਰ ਕਰਨਾ ਚਾਹੀਦਾ ਹੈ।

ਇਸ ਚਿੱਠੀ ਵਿਚ ਪਾਸ਼ਾ ਨੇ ਭਾਰਤ ਦੇ ਕਬਜ਼ੇ ਵਾਲ ਕਸ਼ਮੀਰ ਵਿਚ ਹੋ ਰਹੇ ਅੱਤਿਆਚਾਰ ਦਾ ਜ਼ਿਕਰ ਕੀਤਾ ਸੀ। ਪਾਸ਼ਾ ਨੇ ਲਿਖਿਆ ਸੀ ਕਿ ਰਹਿਮਾਨ ਦੇ ਵਡੇਰਿਆਂ ਨੇ ਕਸ਼ਮੀਰ ਦੀ ਆਜ਼ਾਦੀ ਦੀ ਲੜਾਈ ਲੜੀ ਸੀ ਕਿਉਂਕਿ ਉਹ ਦੇਸ਼ਭਗਤ ਸਨ। ਪਾਸ਼ਾ ਨੇ ਰਹਿਮਾਨ ਨੂੰ ਭਾਰਤ ਦੇ ਖਿਲਾਫ਼ 'ਗਜਵਾ-ਏ-ਹਿੰਦ' ਦੀ ਜੰਗ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ ਅਤੇ ਇਸ ਨੂੰ ਕਾਫਰਾਂ ਅਤੇ ਕਈ ਭਗਵਾਨਾਂ ਨੂੰ ਮੰਨਣ ਵਾਲਿਆਂ ਦੇ ਖਿਲਾਫ਼ ਜਿਹਾਦ ਦਾ ਨਾਮ ਦਿੱਤਾ ਸੀ। ਪਾਸ਼ਾ ਨੇ ਚਿੱਠੀ ਵਿਚ ਲਿਖਿਆ ਸੀ ਕਿ ਪਾਕਿਸਤਾਨ ਸਮਰਥਿਤ ਸੰਗਠਨ (ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ) ਭਾਰਤ ਦੇ ਖਿਲਾਫ਼ ਕਸ਼ਮੀਰ ਵਿਚ ਲੜ ਰਹੇ ਹਨ।

ਇਹ ਨਹੀਂ ਪਾਸ਼ਾ ਨੇ ਇਹ ਵੀ ਮੰਨਿਆ ਸੀ ਕਿ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਪਾਕਿਸਤਾਨ ਦੀ ਫੌਜ ਇਹਨਾਂ ਲੋਕਾਂ ਦੀ ਮਦਦ ਕਰ ਰਹੀ ਸੀ। ਕਿਉਂਕਿ ਉਹ ਪਾਕਿਸਤਾਨ ਲਈ ਲੜ ਰਹੇ ਹਨ। ਪਾਸ਼ਾ ਨੇ ਟੀ.ਟੀ.ਪੀ. ਨੂੰ ਪ੍ਰਸਤਾਵ ਦਿੱਤਾ ਕਿ ਜੇਕਰ ਉਹ ਪਾਕਿਸਤਾਨ ਦੇ ਹਿੱਤਾਂ ਵਿਚ ਲੜੇਗਾ ਤਾਂ ਆਈ.ਐੱਸ.ਆਈ. ਉਸ ਨੂੰ ਹਮੇਸ਼ਾ ਸਮਰਥਨ ਦੇਵੇਗੀ। ਅਹਿਸਾਨ ਨੇ ਆਮਿਰ ਹਕੀਮੁੱਲਾ ਨੇ ਇਸ ਗੱਲ 'ਤੇ ਚਰਚਾ ਕੀਤੀ ਕੀ ਇਹ ਪ੍ਰਸਤਾਵ ਸਵੀਕਾਰ ਕਰਨਾ ਚਾਹੀਦਾ ਹੈ। ਅਹਿਸਾਨ ਦਾ ਕਹਿਣਾ ਹੈ ਕਿ ਮੀਟਿੰਗ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿਚ ਇਸਲਾਮਿਕ ਵਿਵਸਥਾ ਦੇ ਲਈ ਹਥਿਆਰਬੰਦ ਜਿਹਾਦ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ।


author

Vandana

Content Editor

Related News