ਪਾਕਿ 2022 ਤੱਕ ਭੇਜੇਗਾ ਆਪਣਾ ਪਹਿਲਾ ਪੁਲਾੜ ਯਾਤਰੀ

09/16/2019 4:57:26 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਹੁਸੈਨ ਚੌਧਰੀ ਨੇ ਕਿਹਾ ਹੈ ਕਿ ਉਹ ਆਪਣੇ ਗੂੜ੍ਹੇ ਦੋਸਤ ਚੀਨ ਦੀ ਮਦਦ ਨਾਲ 2022 ਤੱਕ ਆਪਣਾ ਪਹਿਲਾ ਪੁਲਾੜ ਯਾਤਰੀ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਹੁਸੈਨ ਨੇ ਐਤਵਾਰ ਨੂੰ ਦੱਸਿਆ ਕਿ ਪੁਲਾੜ ਯਾਤਰੀ ਦੀ ਚੋਣ ਦੀ ਪ੍ਰਕਿਰਿਆ 2020 ਵਿਚ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਹੁਸੈਨ ਨੇ ਕਿਹਾ ਕਿ ਜੇਕਰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਪਾਕਿਸਤਾਨ ਅਤੇ ਭਾਰਤ ਵਿਚ ਸਹਿਯੋਗ ਹੁੰਦਾ ਹੈ ਤਾਂ ਇਹ ਖੇਤਰ ਲਈ ਲਾਭਕਾਰੀ ਹੋਵੇਗਾ।

ਇਕ ਏਜੰਸੀ ਨੇ ਹੁਸੈਨ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਦੇ ਪੁਲਾੜ ਮਿਸ਼ਨ ਵਿਚ ਚੀਨ ਸਹਿਯੋਗ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿਚ 50 ਲੋਕਾਂ ਦੀ ਚੋਣ ਕੀਤੀ ਜਾਵੇਗੀ, ਜਿਸ ਮਗਰੋਂ ਸੂਚੀ ਵਿਚੋਂ 2022 ਵਿਚ 25 ਲੋਕਾਂ ਦੀ ਚੋਣ ਕੀਤੀ ਜਾਵੇਗੀ। ਅਖੀਰ ਵਿਚ ਸਿਰਫ ਇਕ ਵਿਅਕਤੀ ਨੂੰ ਪੁਲਾੜ ਵਿਚ ਭੇਜਿਆ ਜਾਵੇਗਾ। ਰਿਪੋਰਟ ਮੁਤਾਬਕ ਪੁਲਾੜ ਯਾਤਰੀ ਦੀ ਚੋਣ ਵਿਚ ਪਾਕਿਸਤਾਨ ਦੀ ਹਵਾਈ ਫੌਜ ਦੀ ਭੂਮਿਕਾ ਮਹੱਤਵਪੂਰਣ ਹੋਵੇਗੀ। 

ਉਨ੍ਹਾਂ ਨੇ ਦੱਸਿਆ ਕਿ ਸੋਵੀਅਤ ਰੂਸ ਦੇ ਬਾਅਦ ਪਾਕਿਸਤਾਨ ਏਸ਼ੀਆ ਦਾ ਦੂਜਾ ਦੇਸ਼ ਹੈ ਜਿਸ ਨੇ 1963 ਵਿਚ ਆਪਣਾ ਰਾਕੇਟ ਪੁਲਾੜ ਵਿਚ ਭੇਜਿਆ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਦਾ ਪੁਲਾੜ ਵਿਗਿਆਨ ਸਿੱਖਿਆ ਕੇਂਦਰ ਦੇਸ਼ ਵਿਚ ਪੁਲਾੜ ਵਿਗਿਆਨ ਨੂੰ ਵਧਾਵਾ ਦੇਣ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ। ਪਿਛਲੇ ਸਾਲ ਪਾਕਿਸਤਾਨ ਨੇ ਚੀਨ ਦੇ ਲਾਂਚ ਵ੍ਹੀਕਲ ਦੀ ਵਰਤੋਂ ਕਰ ਕੇ ਦੋ ਸਵਦੇਸ਼ੀ ਉਪਗ੍ਰਹਿਆਂ ਨੂੰ ਪੰਧ ਵਿਚ ਲਾਂਚ ਕੀਤਾ ਸੀ।


Vandana

Content Editor

Related News