ਬਾਜਵਾ ਦਾ ਮੁਕੱਦਮਾ ਲੜਨ ਲਈ ਅਹੁਦਾ ਛੱਡਣ ਵਾਲਾ ਮੰਤਰੀ ਦੁਬਾਰਾ ਕੈਬਨਿਟ ''ਚ

Friday, Nov 29, 2019 - 05:21 PM (IST)

ਬਾਜਵਾ ਦਾ ਮੁਕੱਦਮਾ ਲੜਨ ਲਈ ਅਹੁਦਾ ਛੱਡਣ ਵਾਲਾ ਮੰਤਰੀ ਦੁਬਾਰਾ ਕੈਬਨਿਟ ''ਚ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਸੇਵਾ ਵਿਸਥਾਰ ਦਿੱਤੇ ਜਾਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਸਰਕਾਰ ਦਾ ਪੱਖ ਰੱਖਣ ਲਈ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਮਸ਼ਹੂਰ ਵਕੀਲ ਫਰੋਗ ਨਸੀਮ ਨੂੰ ਸ਼ੁੱਕਰਵਾਰ ਨੂੰ ਦੁਬਾਰਾ ਫੈਡਰਲ ਕੈਬਨਿਟ ਵਿਚ ਸ਼ਾਮਲ ਕਰ ਲਿਆ ਗਿਆ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਨਸੀਮ ਨੂੰ ਫੈਡਰਲ ਮੰਤਰੀ ਦੇ ਰੂਪ ਵਿਚ ਸਹੁੰ ਚੁਕਾਈ। ਭਾਵੇਂਕਿ ਉਨ੍ਹਾਂ ਨੂੰ ਮਿਲੇ ਵਿਭਾਗ ਦੇ ਬਾਰੇ ਵਿਚ ਹੁਣ ਤੱਕ ਪੱਕੀ ਖਬਰ ਨਹੀਂ ਹੈ। ਡਾਨ ਨਿਊਜ਼ ਦੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਨਸੀਮ ਨੂੰ ਮਿਲੇ ਮੰਤਰਾਲੇ ਦਾ ਐਲਾਨ ਨਹੀਂ ਹੋਇਆ ਹੈ ਜਦਕਿ ਐਕਸਪ੍ਰੈੱਸ ਟ੍ਰਿਬਿਊਨ ਅਤੇ ਜੀਓ ਨਿਊਜ਼ ਨੇ ਕਿਹਾ ਕਿ ਉਨ੍ਹਾਂ ਨੂੰ ਦੁਬਾਰਾ ਕਾਨੂੰਨ ਮੰਤਰੀ ਦੇ ਰੂਪ ਵਿਚ ਸਹੁੰ ਚੁਕਾਈ ਗਈ ਹੈ। 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 19 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਬਾਜਵਾ ਦਾ ਸੇਵਾਕਾਲ ਵਧਾ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਸੇਵਾ ਵਿਸਥਾਰ ਵਿਚ ਬੇਨਿਯਮੀਆਂ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਮੰਗਲਵਾਰ ਨੂੰ ਰੱਦ ਕਰ ਦਿੱਤਾ ਸੀ। ਉਸੇ ਦਿਨ ਨਸੀਮ ਨੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਬਾਜਵਾ ਦੇ ਮੁਕੱਦਮੇ ਵਿਚ ਸਰਕਾਰ ਦੀ ਨੁਮਾਇੰਦਗੀ ਕਰਨ ਦਾ ਫੈਸਲਾ ਲਿਆ। ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸ਼ਹਿਜਾਦ ਅਕਬਰ ਨੇ ਕਿਹਾ ਸੀ ਕਿ ਨਸੀਮ ਨੇ ਆਪਣੀ ਇੱਛਾ ਦੇ ਨਾਲ ਅਸਤੀਫਾ ਦਿੱਤਾ ਸੀ ਕਿਉਂਕਿ ਕਾਨੂੰਨ ਮੰਤਰੀ ਰਹਿੰਦੇ ਹੋਏ ਉਹ ਮੁਕੱਦਮਾ ਨਹੀਂ ਲੜ ਸਕਦੇ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮੁਕੱਦਮਾ ਖਤਮ ਹੋਣ ਦੇ ਬਾਅਦ ਨਸੀਮ ਦੁਬਾਰਾ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣਗੇ। ਵੀਰਵਾਰ ਨੂੰ ਸੁਪਰੀਮ ਕੋਰਟ ਨੇ ਬਾਜਵਾ ਨੂੰ ਸ਼ਰਤ ਸਮੇਤ 6 ਮਹੀਨੇ ਦਾ ਸੇਵਾ ਵਿਸਥਾਰ ਦਿੱਤਾ, ਜਿਸ ਦੇ ਬਾਅਦ ਬਾਜਵਾ ਨੂੰ ਲੈ ਕੇ ਪਾਕਿਸਤਾਨੀ ਸਰਕਾਰ ਅਤੇ ਅਦਾਲਤ ਵਿਚ ਚੱਲ ਰਹੀ ਖਿੱਚੋਤਾਨ ਖਤਮ ਹੋ ਗਈ।


author

Vandana

Content Editor

Related News