ਪਾਕਿ ''ਚ ਮੁਸਲਿਮ ਨੌਜਵਾਨ ਨੇ ਘੱਟ ਗਿਣਤੀ ਭਾਈਚਾਰੇ ਦੇ ਡਾਕਟਰ ਦਾ ਕੀਤਾ ਕਤਲ

Sunday, Nov 22, 2020 - 04:20 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਨਹੀਂ ਹੈ। ਪਾਕਿਸਤਾਨ ਦੇ ਪੰਜਾਬ ਵਿਚ 17 ਸਾਲਾ ਮੁਸਲਿਮ ਮੁੰਡੇ ਨੇ ਸ਼ੁੱਕਰਵਾਰ ਨੂੰ ਘੱਟ ਗਿਣਤੀ ਅਹਿਮਦੀਆ ਭਾਈਚਾਰੇ ਦੇ ਇਕ ਡਾਕਟਰ ਦਾ ਸਿਰਫ ਇਸ ਲਈ ਗੋਲੀ ਮਾਰ ਕੇ ਕਤਲ ਕਰ ਦਿੱਤਾ ਕਿਉਂਕਿ ਉਸ ਨੂੰ ਡਾਕਟਰ ਦੇ ਵਿਚਾਰ ਆਪਣੇ ਧਰਮ ਦੇ ਉਲਟ ਲੱਗ ਰਹੇ ਸਨ। ਮੁੰਡੇ ਨੇ ਡਾਕਟਰ ਦੇ ਪਿਤਾ ਅਤੇ ਦੋ ਚਾਚਿਆਂ ਨੂੰ ਵੀ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ।

ਪੁਲਸ ਮੁਤਾਬਕ, ਘਟਨਾ ਸ਼ੁੱਕਰਵਾਰ ਨੂੰ ਲਾਹੌਰ ਤੋਂ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਦੇ ਮੁਰਹ ਬਲੋਚਨ ਵਿਚ ਉਦੋਂ ਵਾਪਰੀ ਜਦੋਂ ਅਹਿਮਦੀ ਪਰਿਵਾਰ ਦੇ ਮੈਂਬਰ ਨਮਾਜ਼ ਪੜ੍ਹਨ ਦੇ ਬਅਦ ਆਪਣੇ ਘਰ ਪਰਤ ਰਹੇ ਸਨ।ਇਸੇ ਦੌਰਾਨ ਉੱਥੇ ਬੰਦੂਕ ਲੈ ਕੇ ਪਹੁੰਚੇ ਨੌਜਵਾਨ ਨੇ ਉਹਨਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਪੁਲਸ ਨੇ ਕਿਹਾ,''ਗੋਲੀਬਾਰੀ ਵਿਚ 31 ਸਾਲਾ ਡਾਕਟਰ ਤਾਹਿਰ ਅਹਿਮਦ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਤਾਰਿਕ ਅਹਿਮਦ ਅਤੇ ਦੋ ਚਾਚੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਬੇਕਾਬੂ ਕਾਰ ਪੁਲ ਤੋਂ ਡਿੱਗੀ, 2 ਬੱਚਿਆਂ ਦੀ ਮੌਤ ਤੇ ਕਈ ਜ਼ਖਮੀ

ਤਾਹਿਰ ਨੇ ਰੂਸ ਵਿਚ ਐੱਮ.ਬੀ.ਬੀ.ਐੱਸ. ਦੀ ਡਿਗਰੀ ਹਾਸਲ ਕੀਤੀ ਸੀ ਅਤੇ ਡਾਕਟਰੀ ਦੀ ਪ੍ਰੈਕਟਿਸ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ 17 ਸਾਲਾ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੁਆਂਢ ਵਿਚ ਹੀ ਰਹਿਣ ਵਾਲਾ ਨੌਜਵਾਨ ਅਹਿਮਦੀਆ ਭਾਈਚਾਰੇ ਦੇ ਖਿਲਾਫ ਕੱਟੜਪੰਥੀ ਵਿਚਾਰਾਂ ਨਾਲ ਪ੍ਰਭਾਵਿਤ ਸੀ। ਉਸ ਨੇ ਪੁੱਛਗਿੱਛ ਦੇ ਦੌਰਾਨ ਹਮਲੇ ਦੇ ਲਈ ਆਪਸੀ ਧਾਰਮਿਕ ਵਿਤਕਰੇ ਨੂੰ ਕਾਰਨ ਦੱਸਿਆ ਹੈ। ਅਹਿਮਦੀਆ ਭਾਈਚਾਰੇ ਦੇ ਬੁਲਾਰੇ ਸਲੀਮ-ਉਦ-ਦੀਨ ਨੇ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਅਤੇ ਦੋਸ਼ ਲਗਾਇਆ ਕਿ ਪਾਕਿਸਤਾਨ ਵਿਚ ਅਹਿਮਦੀਆ ਵਿਰੋਧੀ ਮੁਹਿੰਮ ਚੱਲ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ-  ਰਿਜ਼ਵੀ ਦੇ ਅੰਤਮ ਸੰਸਕਾਰ 'ਚ ਸ਼ਾਮਲ ਹੋਏ 2 ਲੱਖ ਤੋਂ ਵੱਧ ਲੋਕ, ਇਨਫੈਕਸ਼ਨ ਦਾ ਖਤਰਾ ਵਧਿਆ

ਇੱਥੇ ਦੱਸ ਦਈਏ ਕਿ ਅਹਿਮਦੀਆ ਪੰਥ ਦੇ ਸਮਰਥਕ ਖੁਦ ਨੂੰ ਇਸਲਾਮ ਦਾ ਹੀ ਇਕ ਹਿੱਸਾ ਮੰਨਦੇ ਹਨ। ਇਸ ਪੰਥ ਦੀ ਸ਼ੁਰੂਆਤ 19ਵੀਂ ਸਦੀ ਵਿਚ ਭਾਰਤੀ ਉਪ ਮਹਾਦੀਪ ਵਿਚ ਹੀ ਮਿਰਜ਼ਾ ਗੁਲਾਮ ਅਹਿਮਦ ਨੇ ਕੀਤੀ ਸੀ ਪਰ ਪਾਕਿਸਤਾਨ ਦੀ ਸੰਸਦ ਨੇ 1974 ਵਿਚ ਅਹਿਮਦੀਆ ਭਾਈਚਾਰੇ ਨੂੰ ਗੈਰ ਮੁਸਲਿਮ ਘੋਸ਼ਿਤ ਕਰ ਦਿੱਤਾ ਸੀ। ਇਸ ਦੇ ਬਾਅਦ ਤੋਂ ਹੀ ਅਹਿਮਦੀਆ ਭਾਈਚਾਰਾ ਇਸ ਮੁਸਲਿਮ ਬਹੁ ਗਿਣਤੀ ਦੇਸ਼ ਵਿਚ ਲਗਾਤਾਰ ਕੱਟੜਪੰਥੀਆਂ ਦੇ ਹਮਲਿਆਂ ਦਾ ਨਿਸ਼ਾਨਾ ਬਣਦਾ ਰਿਹਾ ਹੈ।


Vandana

Content Editor

Related News