ਪਾਕਿ : ਦਿਲੀਪ ਕੁਮਾਰ ਅਤੇ ਰਾਜਕਪੂਰ ਦੇ ਜੱਦੀ ਘਰ ਨੂੰ ਖਰੀਦਣ ਲਈ 2.30 ਕਰੋੜ ਰੁਪਏ ਜਾਰੀ

Friday, May 21, 2021 - 04:18 PM (IST)

ਪਾਕਿ : ਦਿਲੀਪ ਕੁਮਾਰ ਅਤੇ ਰਾਜਕਪੂਰ ਦੇ ਜੱਦੀ ਘਰ ਨੂੰ ਖਰੀਦਣ ਲਈ 2.30 ਕਰੋੜ ਰੁਪਏ ਜਾਰੀ

ਪੇਸਾਵਰ (ਭਾਸ਼ਾ) ਪਾਕਿਸਤਾਨ ਸਥਿਤ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਬਾਲੀਵੁੱਡ ਦੇ ਮਹਾਨ ਅਦਾਕਾਰ ਰਾਜਕਪੂਰ ਅਤੇ ਦਿਲੀਪ ਕੁਮਾਰ ਦੇ ਪੇਸ਼ਾਵਰ ਵਿਚ ਮੌਜੂਦ ਜੱਦੀ ਘਰ ਖਰੀਦ ਕੇ ਉਹਨਾਂ ਨੂੰ ਮਿਊਜ਼ੀਅਮ ਵਿਚ ਤਬਦੀਲ ਕਰਨ ਲਈ 2.30 ਕਰੋੜ ਰੁਪਏ ਅਲਾਟ ਕੀਤੇ ਹਨ। ਇਹ ਰਾਸ਼ੀ ਪੁਰਾਤੱਤਵ ਵਿਭਾਗ ਨੇ ਪੇਸ਼ਾਵਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪੀ ਹੈ। ਇਹ ਕਦਮ ਦੋਹਾ ਘਰਾਂ ਦੇ ਮੌਜੂਦਾ ਮਾਲਕਾਂ ਨੂੰ ਖਰੀਦ ਲਈ ਆਖਰੀ ਨੋਟਿਸ ਜਾਰੀ ਕਰਨ ਮਗਰੋਂ ਚੁੱਕਿਆ ਗਿਆ। 

ਖੈਬਰ ਪਖਤੂਨਖਵਾ ਦੇ ਪੁਰਾਤੱਤਵ ਨਿਰਦੇਸ਼ਕ ਅਬਦੁੱਲ ਸਮਦ ਨੇ ਕਿਹਾ ਕਿ ਸਰਕਾਰ ਦੋਹਾਂ ਘਰਾਂ ਦਾ ਕਬਜ਼ਾ ਲਵੇਗੀ ਅਤੇ ਢਾਂਚੇ ਨੂੰ ਉਹਨਾਂ ਦੇ ਪੁਰਾਣੇ ਰੂਪ ਵਿਚ ਬਹਾਲ ਕਰਨ ਦਾ ਕੰਮ ਸ਼ੁਰੂ ਕਰੇਗੀ। ਉਹਨਾਂ ਨੇ ਕਿਹਾ ਕਿ ਸਰਕਾਰ ਦੋਹਾਂ ਘਰਾਂ ਨੂੰ ਸੁਰੱਖਿਅਤ ਕਰੇਗੀ ਤਾਂ ਜੋ ਲੋਕ ਫਿਲਮ ਉਦਯੋਗ ਵਿਚ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਯੋਗਦਾਨ ਬਾਰੇ ਜਾਣ ਸਕਣ। ਖੈਬਰ ਪਖਤੂਨਖਵਾ ਦੀ ਸਰਕਾਰ ਨੇ 6.25 ਮਰਲੇ ਵਿਚ ਬਣੇ ਰਾਜਕਪੂਰ ਦੇ ਘਰ ਅਤੇ ਚਾਰ ਮਰਲੇ ਵਿਚ ਬਣੇ ਦਿਲੀਪ ਕੁਮਾਰ ਦੇ ਘਰ ਲਈ ਕ੍ਰਮਵਾਰ 1.50 ਕਰੋੜ ਰੁਪਏ ਅਤੇ 80 ਲੱਖ ਰੁਪਏ ਕੀਮਤ ਤੈਅ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ - ਪਾਕਿ : ਅਚਾਨਕ ਗੋਲੀ ਲੱਗਣ ਕਾਰਨ 19 ਸਾਲਾ ਟਿਕਟਾਕ ਸਟਾਰ ਦੀ ਮੌਤ

ਇੱਥੇ ਦੱਸ ਦਈਏ ਕਿ ਮਰਲਾ ਭਾਰਤ-ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਜ਼ਮੀਨ ਦੀ ਪੈਮਾਇਸ਼ ਦਾ ਪੁਰਾਣਾ ਪੈਮਾਨਾ ਹੈ ਅਤੇ ਇਕ ਮਰਲਾ 272.25 ਵਰਗ ਫੁੱਟ ਦੇ ਬਰਾਬਰ ਹੁੰਦਾ ਹੈ। ਕਪੂਰ ਦੀ ਹਵੇਲੀ ਦੇ ਮੌਜੂਦਾ ਮਾਲਕ ਅਲੀ ਕਾਦਿਰ ਨੇ 20 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਹੈ ਜਦਕਿ ਦਿਲੀਪ ਦੇ ਘਰ ਦੇ ਮੌਜੂਦਾ ਮਾਲਕ ਗੁਲ ਰਹਿਮਾਨ ਮੁਹੰਮਦ ਨੇ ਕਿਹਾ ਕਿ ਸਰਕਾਰ ਨੂੰ ਬਾਜ਼ਾਰ ਦੀ ਕੀਮਤ 3.50 ਕਰੋੜ ਰੁਪਏ ਵਿਚ ਇਹ ਘਰ ਖਰੀਦਣਾ ਚਾਹੀਦਾ ਹੈ। ਗੌਰਤਲਬ ਹੈ ਕਿ ਰਾਜਕਪੂਰ ਦਾ ਜੱਦੀ ਘਰ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਵਿਚ ਹੈ ਜਿਸ ਦਾ ਨਿਰਮਾਣ ਉਹਨਾਂ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ ਸਾਲ 1918 ਤੋਂ 1922 ਦੇ ਵਿਚਕਾਰ ਕਰਾਇਆ ਸੀ। ਦਿਲੀਪ ਕੁਮਾਰ ਦਾ ਜੱਦੀ ਘਰ ਦੀ ਇਸੇ ਇਲਾਕੇ ਵਿਚ ਹੈ।


author

Vandana

Content Editor

Related News