ਪਾਕਿਸਤਾਨ ਦੇ ਉਲਟ ਚੀਨ ਨੂੰ ਸਤਾਉਣ ਲੱਗਾ ਤਾਲਿਬਾਨ ਦਾ ਡਰ, ਸ਼ਿਨਜਿਆਂਗ ਨੂੰ ਬਚਾਉਣ ਦੀ ਚਿੰਤਾ

09/14/2020 1:37:42 PM

ਕਾਬੁਲ- ਅਫਗਾਨਿਸਤਾਨ ਦੀ ਸੱਤਾ ਵਿਚ ਚੀਨ ਤਾਲਿਬਾਨ ਨੂੰ ਨਹੀਂ ਦੇਖਣਾ ਚਾਹੁੰਦਾ ਜਦਕਿ ਉਸ ਦਾ ਖਾਸ ਦੋਸਤ ਪਾਕਿਸਤਾਨ ਚਾਹੁੰਦਾ ਹੈ ਕਿ ਤਾਲਿਬਾਨ ਦੀ ਹੀ ਸਰਕਾਰ ਹੋਵੇ ਤਾਂ ਕਿ ਉਸ ਨੂੰ ਆਪਣੇ ਹਿਸਾਬ ਨਾਲ ਚਲਾ ਸਕੇ।

ਕੌਮਾਂਤਰੀ ਮਾਮਲਿਆਂ ਦੀ ਜਾਣਕਾਰ ਹਬੀਬਾ ਆਸ਼ਨਾ ਨੇ ਪਜਵੋਕ ਨਿਊਜ਼ ਏਜੰਸੀ ਲਈ ਇਸ ਸਬੰਧੀ ਇਕ ਲੇਖ ਲਿਖਿਆ। ਉਨ੍ਹਾਂ ਮੁਤਾਬਕ ਅਮਰੀਕਾ-ਤਾਲਿਬਾਨ ਸ਼ਾਂਤੀ ਵਾਰਤਾ ਵਿਚਕਾਰ ਚੀਨ ਇਸ ਗੱਲ ਨੂੰ ਲੈ ਕੇ ਚਿੰਤਾ ਵਿਚ ਹੈ ਕਿ ਅਫਗਾਨਿਸਤਾਨ ਦੀ ਸੱਤਾ ਤਾਲਿਬਾਨ ਦੇ ਹੱਥਾਂ ਵਿਚ ਜਾ ਸਕਦੀ ਹੈ। ਅਫਗਾਨਿਸਤਾਨ ਵਿਚ ਅੱਤਵਾਦ ਨੂੰ ਲੈ ਕੇ ਚੀਨ ਦੀ ਸਭ ਤੋਂ ਪਹਿਲੀ ਚਿੰਤਾ ਆਪਣੇ ਸ਼ਿਨਜਿਆਂਗ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਹੈ, ਜੋ ਉਈਗਰ ਮੁਸਲਮਾਨਾਂ ਦਾ ਘਰ ਹੈ। 

ਸ਼ਿਨਜਿਆਂਗ ਦੀ ਸੁਰੱਖਿਆ ਸਿੱਧੇ ਬੀਜਿੰਗ ਵਿਚ ਮਾਰਚ ਵੈਸਟ ਰਣਨੀਤੀ ਦਾ ਇਕ ਹਿੱਸਾ ਹੈ। ਇਸ ਵਿਚ ਬੈਲਟ ਐਂਡ ਰੋਡ ਇਨਸ਼ੀਏਟਿਵ ਅਤੇ ਮੱਧ ਏਸ਼ੀਆਈ ਦੇਸ਼ਾਂ ਨਾਲ ਜੁੜੀਆਂ ਯੋਜਨਾਵਾਂ ਸ਼ਾਮਲ ਹਨ। ਇਸ ਸੰਦਰਭ ਵਿਚ ਜਿਹਾਦੀ ਅੱਤਵਾਦ ਦਾ ਮੁਕਾਬਲਾ ਕਰਨਾ ਚੀਨ ਲਈ ਬਹੁਤ ਜ਼ਰੂਰੀ ਹੈ। ਦੂਜੇ ਪਾਸੇ, ਪਾਕਿਸਤਾਨ ਇਸ ਖੇਤਰ ਵਿਚ ਅੱਤਵਾਦੀ ਸਮੂਹਾਂ ਨੂੰ ਖੁੱਲ੍ਹਾ ਸਮਰਥਨ ਦਿੰਦਾ ਹੈ। ਜਿਹਾਦੀ ਅੱਤਵਾਦ ਨੂੰ ਪਾਕਿਸਤਾਨੀ ਸਮਰਥਨ ਦੇ ਮੱਦੇਨਜ਼ਰ ਚੀਨ ਇਹ ਸੁਨਿਸ਼ਚਿਤ ਕਰਨਾ ਚਾਹੁੰਦਾ ਹੈ ਕਿ ਇਸ ਨਾਲ ਬੀਜਿੰਗ 'ਤੇ ਕੋਈ ਪ੍ਰਭਾਵ ਨਾ ਪਵੇ ਅਤੇ ਉਸ ਦੀ ਕੋਈ ਯੋਜਨਾ ਖਤਰੇ ਵਿਚ ਨਾ ਪਵੇ। 
ਆਸ਼ਨਾ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਹੁਣ ਤੱਕ ਚੀਨ ਵਿਰੋਧੀ ਦੇ ਰੂਪ ਵਿਚ ਨਹੀਂ ਦੇਖਿਆ ਗਿਆ। ਚੀਨ ਨੇ ਵੀ ਤਾਲਿਬਾਨ ਨਾਲ 1990 ਤੋਂ ਹੀ ਸਿੱਧੇ ਗੱਲਬਾਤ ਦੇ ਰਸਤੇ ਬਣਾ ਕੇ ਰੱਖੇ ਹਨ। ਤਦ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਹੀ ਸੱਤਾ ਸੀ। ਹਾਲਾਂਕਿ ਚੀਨ ਦੀ ਤਾਲਿਬਾਨ 'ਤੇ ਸਿੱਧੀ ਪਕੜ ਨਹੀਂ ਹੈ ਪਰ ਪਾਕਿਸਤਾਨ ਦੀ ਹੈ। 

ਮੱਧ ਏਸ਼ੀਆ ਵਿਚ ਅਮਰੀਕੀ ਦਖਲ ਦਾ ਵਧਣਾ ਅਤੇ ਤਾਲਿਬਾਨ-ਅਮਰੀਕਾ ਦੇ ਰਿਸ਼ਤਿਆਂ ਵਿਚ ਜੰਮੀ ਬਰਫ ਦਾ ਪਿਘਲਣਾ, ਇਹ ਦੋਵੇਂ ਗੱਲਾਂ ਚੀਨੀ ਉਦੇਸ਼ਾਂ ਲਈ ਸ਼ੁੱਭ ਸੰਕੇਤ ਨਹੀਂ ਹਨ। ਉੱਥੇ, ਪਾਕਿਸਤਾਨ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਦਾ ਬਣਨਾ ਉਸ ਦੀ ਆਪਣੀ ਸੁਰੱਖਿਆ ਲਈ ਠੀਕ ਹੈ। ਸਭ ਦੇ ਆਪਣੇ ਸੁਆਰਥ ਹਨ। ਅਜਿਹੇ ਵਿਚ ਲੱਗਦਾ ਨਹੀਂ ਕਿ ਤਿੰਨ ਪੱਖੀ ਸਬੰਧਾਂ ਨਾਲ ਕੋਈ ਠੋਸ ਨਤੀਜਾ ਨਿਕਲੇਗਾ।


Lalita Mam

Content Editor

Related News