ਪਾਕਿਸਤਾਨ ਨੇ ਚੀਨ ਦੇ ਘੱਟ ਪ੍ਰਭਾਵੀ ਕੋਰੋਨਾ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ

Saturday, Apr 10, 2021 - 04:42 PM (IST)

ਇਸਲਾਮਾਬਾਦ : ਕੋਰੋਨਾ ਵਾਇਰਸ ਦੀ ਲਾਗ ਦੇ ਪ੍ਰਸਾਰ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਪਾਕਿਸਤਾਨ ਨੇ ਘੱਟ ਪ੍ਰਭਾਵੀ ਹੋਣ ਦੇ ਬਾਵਜੂਦ ਚੀਨ ਦੇ ਤੀਜੇ ਕੋਵਿਡ-19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਦੱਸਿਆ ਕਿ ਪਾਕਿਸਤਾਨ ਡਰੱਗ ਰੈਗੂਲੇਟਰੀ ਅਥਾਰਟੀ (ਡੀ. ਆਰ. ਏ. ਪੀ.) ਨੇ ਚੀਨ ਦੀ ਕੰਪਨੀ ਸਿਨੋਵੈਕ ਬਾਇਓਟੈੱਕ ਵਲੋਂ ਵਿਕਸਿਤ ਕੋਵਿਡ-19 ਰੋਕੂ ਟੀਕੇ ‘ਕੋਰੋਨਾਵੈਕ’ ਦੀ ਐਮਰਜੈਂਸੀ ਵਰਤੋਂ ਨੂੰ ਸ਼ੁੱਕਰਵਾਰ ਮਨਜ਼ੂਰੀ ਦਿੱਤੀ।

ਡੀ. ਆਰ. ਏ. ਪੀ. ਦੇ ਇਕ ਅਧਿਕਾਰੀ ਨੇ ਕਿਹਾ, ‘‘ਪਾਕਿਸਤਾਨ ’ਚ ਵਰਤੋਂ ਲਈ ਮਨਜ਼ੂਰ ਕੀਤਾ ਗਿਆ ਚੀਨ ਦਾ ਇਹ ਤੀਜਾ ਟੀਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਹੁਣ ਤਕ ਕੁਲ ਪੰਜ ਕੋਵਿਡ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਪਾਕਿਸਤਾਨ ਚੀਨ ਦੇ ‘ਸਿਨੋਫਾਰਮ’ ਤੇ ਕੈਨਸਿਨੋ ਬਾਇਓਲਾਜੀਕਲ ਇੰਕ ਵਲੋਂ ਵਿਕਸਿਤ ‘ਕੋਵਿਡੇਸ਼ੀਆ’ ਟੀਕਿਆਂ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਚੁੱਕਾ ਹੈ। ਨਾਲ ਹੀ ਬ੍ਰਿਟੇਨ ਦੇ ‘ਐਸਟ੍ਰਾਜੇਨੇਕਾ’ ਤੇ ਰੂਸ ਦੇ ‘ਸਪੂਤਨਿਕ ਵੀ’ ਟੀਕਿਆਂ ਨੂੰ ਡੀ. ਆਰ. ਏ. ਪੀ. ਦੀ ਮਨਜ਼ੂਰੀ ਮਿਲ ਚੁੱਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਨਵੇਂ ਮਨਜ਼ੂਰ ਕੀਤੇ ਗਏ ‘ਕੋਰੋਨਾਵੈਕ’ ਟੀਕੇ ਘੱਟ ਪ੍ਰਭਾਵੀ ਹਨ ਪਰ ਸਰਕਾਰ ਨੇ ਟੀਕਾਕਰਨ ਮੁਹਿੰਮ ਨੂੰ ਰਫਤਾਰ ਦੇਣ ਲਈ ਇਸ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ। ਸਿਹਤ ਮੰਤਰਾਲਾ ਅਨੁਸਾਰ ਪਾਕਿਸਤਾਨ ’ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਲਾਗ ਦੇ 5139 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ ਵਧ ਕੇ 7,15,968 ਹੋ ਗਈ ਹੈ। ਇਸ ਤੋਂ ਇਲਾਵਾ 100 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 15,329 ’ਤੇ ਪਹੁੰਚ ਗਈ ਹੈ। ਲੱਗਭਗ 4204 ਮਰੀਜ਼ਾਂ ਦੀ ਹਾਲਤ ਗੰਭੀਰ ਹੈ।  


Shyna

Content Editor

Related News