ਪਾਕਿਸਤਾਨ ਉਪ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਜਾਰੀ
Sunday, Oct 21, 2018 - 05:46 PM (IST)

ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਕਰਾਚੀ ਅਤੇ ਪੇਸ਼ਾਵਰ ਵਿਚ ਕੌਮੀ ਅਤੇ ਸੂਬਾਈ ਅਸੈਂਬਲੀ ਦੀਆਂ 3 ਸੀਟਾਂ 'ਤੇ ਦੂਜੇ ਪੜਾਅ ਦੀਆਂ ਉਪ ਚੋਣਾਂ ਲਈ ਸਖਤ ਸੁਰੱਖਿਆ ਵਿਚਕਾਰ ਵੋਟਿੰਗ ਹੋ ਰਹੀ ਹੈ। ਉਪ ਚੋਣਾਂ ਵਿਚ ਕੁੱਲ 8,58,866 ਵੋਟਰ ਆਪਣੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਹ ਉਪ ਚੋਣਾਂ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਚੁਣੇ ਗਏ ਉਮੀਦਵਾਰਾਂ ਦੇ ਅਸਤੀਫਾ ਦੇਣ ਦੇ ਬਾਅਦ ਕਰਵਾਈਆਂ ਜਾ ਰਹੀਆਂ ਹਨ। ਚੁਣੇ ਜਾਣ ਵਾਲੇ ਤਿੰਨ ਉਮੀਦਵਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਸਨ। ਐੱਨ.ਏ.-247 ਤੋਂ ਚੁਣੇ ਗਏ ਆਰਿਫ ਅਲਵੀ ਨੇ ਦੇਸ਼ ਦਾ ਰਾਸ਼ਟਰਪਤੀ ਬਣਨ ਮਗਰੋਂ ਅਸਤੀਫਾ ਦੇ ਦਿੱਤਾ ਸੀ। ਪੀ.ਐੱਸ.-111 (ਦੱਖਣੀ ਕਰਾਚੀ) ਤੋਂ ਜਿੱਤ ਦਰਜ ਕਰਨ ਵਾਲੇ ਇਮਰਾਨ ਇਸਮਾਈਲ ਨੇ ਸਿੰਧ ਦਾ ਰਾਜਪਾਲ ਬਣਾਏ ਜਾਣ ਦੇ ਬਾਅਦ ਆਪਣੀ ਸੀਟ ਛੱਡੀ ਜਦਕਿ ਸ਼ਾਹ ਫਰਮਾਨ ਨੇ ਪੀ.ਕੇ.-71 (ਪੇਸ਼ਾਵਰ) ਦੀ ਸੀਟ ਖੈਬਰ ਪਖਤੂਨਖਵਾ ਦੇ ਰਾਜਪਾਲ ਦੇ ਤੌਰ 'ਤੇ ਨਾਮਜ਼ਦ ਹੋਣ ਦੇ ਬਾਅਦ ਛੱਡ ਦਿੱਤੀ ਸੀ।
ਐੱਨ.ਏ.-247 ਸੀਟ 'ਤੇ ਚੋਣ ਵਿਚ ਪੀ.ਟੀ.ਆਈ. ਦੇ ਉਮੀਦਵਾਰ ਅਰਬਪਤੀ ਕਾਰੋਬਾਰੀ ਅਤੇ ਰਿਅਲ ਅਸਟੇਟ ਡਿਵੈਲਪਰ ਅਫਤਾਬ ਹੁਸੈਨ ਸਿੱਦੀਕੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਉਮੀਦਵਾਰ ਮਸ਼ਹੂਰ ਟੀ.ਵੀ. ਕਲਾਕਾਰ ਕੈਸਰ ਨਿਜ਼ਾਮਾਨੀ ਵਿਚਕਾਸ ਸਖਤ ਮੁਕਾਬਲਾ ਹੈ। ਇਸ ਚੋਣ ਖੇਤਰ ਵਿਚ ਕਰੀਬ 5,46,451 ਵੋਟਰ ਹਨ ਜਿੱਥੇ 240 ਵੋਟਿੰਗ ਕੇਂਦਰ ਬਣਾਏ ਗਏ ਹਨ। ਕਰਾਚੀ ਵਿਚ ਐੱਨ.ਏ.-247 ਸੀਟ ਲਈ ਖਾਸ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਵੋਟਿੰਗ ਕੇਂਦਰਾਂ ਦੇ ਬਾਹਰ ਅਤੇ ਅੰਦਰ ਸੈਂਕੜੇ ਮਿਲਟਰੀ, ਨੀਮ ਫੌਜੀ ਅਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਐੱਨ.ਏ.-247 ਸੀਟ ਲਈ 12 ਉਮੀਦਵਾਰ ਜਦਕਿ ਪੀ.ਐੱਸ.-111 ਲਈ 15 ਅਤੇ ਪੀ.ਕੇ.-71 ਲਈ ਪੰਜ ਉਮੀਦਵਾਰ ਚੋਣ ਮੈਦਾਨ ਵਿਚ ਹਨ। ਕੌਮੀ ਅਸੈਂਬਲੀ ਦੀਆਂ 11 ਅਤੇ ਸੂਬਾਈ ਅਸੈਂਬਲੀ ਦੀਆਂ 24 ਸੀਟਾਂ ਦੇ ਲਈ ਪਹਿਲੇ ਪੜਾਅ ਦੀਆਂ ਉਪ ਚੋਣਾਂ 14 ਅਕਤੂਬਰ ਨੂੰ ਹੋਈਆਂ ਸਨ, ਜਿਨ੍ਹਾਂ ਵਿਚ ਸੱਤਾਧਾਰੀ ਪੀ.ਟੀ.ਆਈ. ਅਤੇ ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੇ ਜ਼ਿਆਦਾਤਰ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ।