ਪਾਕਿ ''ਚ ਇਕ ਨੌਕਰਸ਼ਾਹ ਬੀਬੀ ਦਾ 36 ਦਿਨਾਂ ਦੇ ਅੰਦਰ 4 ਵਾਰ ਤਬਾਦਲਾ
Sunday, Mar 21, 2021 - 06:01 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਖੇ ਬਲੋਸਿਤਾਨ ਸੂਬੇ ਵਿਚ ਇਕ ਨੌਕਰਸ਼ਾਹ ਬੀਬੀ ਦਾ 36 ਦਿਨਾਂ ਦੇ ਅੰਦਰ ਚਾਰ ਵਾਰ ਤਬਾਦਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਭਾਵੇਂਕਿ ਅਧਿਕਾਰੀਆਂ ਨੇ ਬੀਬੀ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਕੀਤੇ ਜਾਣ ਸੰਬੰਧੀ ਬਿਆਨਾਂ ਨੂੰ ਖਾਰਿਜ ਕਰ ਦਿੱਤਾ ਹੈ। ਜੀਓ ਨਿਊਜ਼ ਨੇ ਇਸ ਦੀ ਜਾਣਕਾਰੀ ਦਿੱਤੀ।
ਚਾਰ ਵਾਰ ਕੀਤਾ ਗਿਆ ਤਬਾਦਲਾ
ਫਰੀਦਾ ਤਰੀਨ ਨਾਮ ਦੀ ਇਸ ਅਧਿਕਾਰੀ ਬੀਬੀ ਨੂੰ ਸਭ ਤੋਂ ਪਹਿਲਾਂ 11 ਫਰਵਰੀ ਨੂੰ ਸਹਾਇਕ ਕਮਿਸ਼ਨਰ ਕਵੇਟਾ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ। ਇਸ ਸਾਲ 11 ਫਰਵਰੀ ਤੋਂ 16 ਮਾਰਚ ਤੱਕ ਇਸ ਬੀਬੀ ਨੂੰ ਚਾਰ ਅਹੁਦਿਆਂ ਲਈ ਵੱਖ-ਵੱਖ ਜਗ੍ਹਾ 'ਤੇ ਪੋਸਟ ਕੀਤਾ ਗਿਆ। ਇਸ ਦੇ ਬਾਅਦ ਅਗਲੇ ਹੀ ਦਿਨ ਉਹਨਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਗਈ ਅਤੇ 16 ਫਰਵਰੀ ਨੂੰ ਉਸ ਨੂੰ ਪ੍ਰਸ਼ਾਸਨ ਵਿਭਾਗ ਵਿਚ ਸੈਕਸ਼ਨ ਅਫਸਰ ਤਿੰਨ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ 25 ਫਰਵਰੀ ਨੰ ਉਹਨਾਂ ਨੂੰ ਸੇਵਾ ਅਤੇ ਸਧਾਰਨ ਪ੍ਰਸ਼ਾਸਨ ਵਿਭਾਗ ਵਿਚ ਸੈਕਸ਼ਨ ਅਧਿਕਾਰੀ ਇਕ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ। ਇਸ ਦੇ ਬਾਅਦ 16 ਮਾਰਚ ਨੂੰ ਉਹਨਾਂ ਨੂੰ ਸੈਕਸ਼ਨ ਅਧਿਕਾਰੀ ਵਣਜ ਅਤੇ ਉਦਯੋਗ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਪਾਕਿ ਨੇ 23 ਮਾਰਚ ਤੋਂ 12 ਦੇਸ਼ਾਂ ਦੀਆਂ ਉਡਾਣਾਂ 'ਤੇ ਲਗਾਈ ਪਾਬੰਦੀ
ਵਿਭਾਗ ਨੇ ਦਿੱਤੀ ਸਫਾਈ
ਅਧਿਕਾਰੀ ਬੀਬੀ ਖ਼ਿਲਾਫ਼ ਵਿਤਕਰੇ ਦੀ ਧਾਰਨਾ ਨੂੰ ਖਾਰਿਜ ਕਰਦਿਆਂ ਬਲੋਚਿਸਤਾਨ ਸਰਕਾਰ ਦੇ ਬੁਲਾਰੇ ਲਿਆਕਤ ਸ਼ਾਹਵਾਨੀ ਨੇ ਕਿਹਾ ਕਿ ਤਬਾਦਲੇ ਇਕ 'ਨੌਕਰੀ ਦਾ ਹਿੱਸਾ' ਹਨ। ਭਾਵੇਂਕਿ ਬੁਲਾਰੇ ਨੇ ਅਧਿਕਾਰੀ ਖ਼ਿਲਾਫ਼ ਵਿਤਕਰੇ ਦੇ ਮਾਮਲੇ ਤੋਂ ਇਨਕਾਰ ਕੀਤਾ ਪਰ ਵਿਆਪਕ ਸਬੂਤ ਦੱਸਦੇ ਹਨ ਕਿ ਪਾਕਿਸਤਾਨ ਵਿਚ ਔਰਤਾਂ ਰੋਜ਼ਾਨਾ ਦੀ ਜ਼ਿੰਦਗੀ ਵਿਚ ਸਮੱਸਿਆਵਾਂ ਦਾ ਸਾਹਮਣਾ ਕਿਵੇਂ ਕਰਦੀਆਂ ਹਨ। ਜੀਓ ਨਿਊਜ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਪਾਕਿਸਤਾਨ ਵਿਚ ਔਰਤਾਂ ਦੀ ਸਥਿਤੀ
ਇੱਥੇ ਦੱਸ ਦਈਏ ਕਿ ਪਾਕਿਸਤਾਨ ਨੂੰ ਗਲੋਬਲ ਜੈਂਡਰ ਗੈਪ ਇੰਡੈਕਸ 2018 ਵਿਚ ਔਰਤਾਂ ਲਈ ਦੁਨੀਆ ਦਾ 6ਵਾਂ ਸਭ ਤੋਂ ਖਤਰਨਾਕ ਦੇਸ਼ ਅਤੇ ਲਿੰਗੀ ਬਰਾਬਰੀ ਦੇ ਮਾਮਲੇ ਵਿਚ ਦੁਨੀਆ ਵਿਚ ਦੂਜਾ ਸਭ ਤੋਂ ਖਰਾਬ ਸਥਾਨ (148ਵੇਂ ਸਥਾਨ) 'ਤੇ ਦੱਸਿਆ ਸੀ। ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ ਅਨਿਲਾ ਗੁਲਜਾਰ ਨੇ ਇਕ ਲੇਖ 'ਪਾਕਿਸਤਾਨ ਅਤੇ ਚੀਨ ਵਿਚ ਔਰਤਾਂ ਦਾ ਜੀਵਨ' ਵਿਚ ਇਸ ਦੀ ਜਾਣਕਾਰੀ ਦਿੱਤੀ ਸੀ। ਆਪਣੇ ਆਰਟੀਕਲ ਵਿਚ ਗੁਲਜਾਰ ਨੇ ਦੱਸਿਆ ਸੀ ਕਿ ਪਾਕਿਸਤਾਨ ਵਿਚ ਔਰਤਾਂ ਵੀ ਕਾਰਜਸਥਲ, ਸੜਕ ਅਤੇ ਪਰਿਵਾਰ ਦੇ ਪੁਰਸ਼ ਮੈਂਬਰਾਂ ਵੱਲੋਂ ਯੌਨ ਸ਼ੋਸ਼ਣ ਦਾ ਸਾਹਮਣਾ ਕਰਦੀਆਂ ਹਨ। ਅੰਤਰਰਾਸ਼ਟਰੀ ਕਿਰਤ ਸੰਗਠਨ ਦੇ ਅੰਕੜੇ ਮੁਤਾਬਕ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ਦੇ ਵਿਚਲੀ ਖਾਈ ਦੁਨੀਆ ਵਿਚ ਸਭ ਤੋਂ ਚੌੜੀ ਹੈ। ਔਸਤਨ ਪਾਕਿਸਤਾਨ ਵਿਚ ਔਰਤਾਂ ਪੁਰਸ਼ਾਂ ਦੀ ਤੁਲਨਾ ਵਿਚ 34 ਫੀਸਦੀ ਘੱਟ ਕਮਾਉਂਦੀਆਂ ਹਨ।