ਪਾਕਿ : ਖੈਬਰ ਪਖਤੂਨਖਵਾ ਦੀਆਂ 16 ''ਚੋਂ 13 ਸੀਟਾਂ ਦੇ ਨਤੀਜੇ ਘੋਸ਼ਿਤ

Monday, Jul 22, 2019 - 12:01 PM (IST)

ਪਾਕਿ : ਖੈਬਰ ਪਖਤੂਨਖਵਾ ਦੀਆਂ 16 ''ਚੋਂ 13 ਸੀਟਾਂ ਦੇ ਨਤੀਜੇ ਘੋਸ਼ਿਤ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ 16 ਸੀਟਾਂ 'ਤੇ ਹੋਈਆਂ ਵਿਧਾਨਸਭਾ ਚੋਣਾਂ ਵਿਚੋਂ 13 ਦੇ ਨਤੀਜੇ ਐਤਵਾਰ ਨੂੰ ਐਲਾਨ ਕਰ ਦਿੱਤੇ ਗਏ। ਪਾਕਿਸਤਾਨ ਦੇ ਕਬਾਇਲੀ ਖੇਤਰਾਂ ਦੀ ਸ਼ਮੂਲੀਅਤ ਦੇ ਬਾਅਦ ਖੈਬਰ ਪਖਤੂਨਖਵਾ ਸੂਬੇ ਦੀ ਵਿਧਾਨ ਸਭਾ ਲਈ ਪਹਿਲੀ ਵਾਰ ਹੋਈਆਂ ਇਤਿਹਾਸਿਕ ਚੋਣਾਂ ਵਿਚ ਆਜ਼ਾਦ ਉਮੀਦਵਾਰਾਂ ਨੂੰ 6 ਸੀਟਾਂ, ਪੀ.ਐੱਮ. ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੂੰ 5 ਅਤੇ ਜਮੀਅਤ-ਉਲੇਮਾ-ਏ ਇਸਲਾਮ-ਫਜ਼ਲ (ਜੇ.ਯੂ.ਆਈ.-ਐੱਫ.) ਨੂੰ 3 ਸੀਟਾਂ ਮਿਲੀਆਂ।

ਰੇਡੀਓ ਪਾਕਿਸਤਾਨ ਮੁਤਾਬਕ ਪੀ.ਟੀ.ਆਈ. ਦੇ ਜੇਤੂ ਉਮੀਦਵਾਰਾਂ ਵਿਚ ਅਨਵਰ ਜ਼ੇਬ ਖਾਨ, ਅਜ਼ਮਲ ਖਾਨ, ਸੈਯਦ ਇਕਬਾਨ ਮੀਆਂ, ਆਬਿਦ ਰਹਿਮਾਨ ਅਤੇ ਮੁਹੰਮਦ ਇਕਬਾਨ ਹਨ। ਸੂਬੇ ਦੇ 16 ਜ਼ਿਲਿਆਂ ਵਿਚ ਵੋਟਿੰਗ ਸ਼ਨੀਵਾਰ ਸਵੇਰੇ ਸ਼ੁਰੂ ਹੋਈ ਅਤੇ 5 ਵਜੇ ਖਤਮ ਹੋ ਗਈ। ਪਾਕਿਸਤਾਨ ਦੇ ਚੋਣ ਕਮਿਸ਼ਨ ਮੁਤਾਬਕ ਜਮਾਤ-ਏ-ਇਸਲਾਮੀ ਨੂੰ ਇਕ ਸੀਟ ਮਿਲੀ ਹੈ। ਵੋਟਿੰਗ ਦੌਰਾਨ ਅਤੀ ਸੰਵੇਦਨਸ਼ੀਲ 554 ਵੋਟਿੰਗ ਕੇਂਦਰਾਂ ਦੇ ਅੰਦਰ ਅਤੇ ਬਾਹਰ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਸੂਬਾਈ ਚੋਣ ਕਮਿਸ਼ਨਰ ਮੁਤਾਬਕ ਖੇਤਰ ਵਿਚ ਨੈੱਟਵਰਕ ਦੀ ਸਮੱਸਿਆ ਕਾਰਨ ਕਬਾਇਲੀ ਜ਼ਿਲਿਆਂ ਦੇ ਨਤੀਜੇ ਵਟਸਐਪ 'ਤੇ ਦਿੱਤੇ ਗਏ। 

ਜੀਓ ਨਿਊਜ਼ ਮੁਤਾਬਕ ਚੋਣਾਂ ਲਈ ਕੁੱਲ 1,897 ਵੋਟਿੰਗ ਕੇਂਦਰ ਸਥਾਪਿਤ ਕੀਤੇ ਗਏ ਸਨ। 16 ਸੀਟਾਂ ਲਈ 282 ਉਮੀਦਵਾਰ ਚੋਣ ਮੈਦਾਨ ਵਿਚ ਸਨ। ਚੋਣਾਂ ਵਿਚ ਦੋ ਮਹਿਲਾ ਉਮੀਦਵਾਰ ਵੀ ਮੈਦਾਨ ਵਿਚ ਸਨ ਜਿਨ੍ਹਾਂ ਵਿਚ ਅਵਾਮੀ ਨੈਸ਼ਨਲ ਪਾਰਟੀ ਦੀ ਉਮੀਦਵਾਰ ਨਾਹਿਦ ਅਫਰੀਦੀ ਅਤੇ ਜਮਾਤ-ਏ-ਇਸਲਾਮੀ ਦੀ ਉਮੀਦਵਾਰ ਮਲਾਸਾ ਬੀਬੀ ਸ਼ਾਮਲ ਹੈ। ਗੌਰਤਲਬ ਹੈ ਕਿ ਪਾਕਿਸਤਾਨ ਵਿਚ ਸੰਵਿਧਾਨਕ ਸੋਧ ਦੇ ਬਾਅਦ ਸਾਲ 2018 ਵਿਚ ਸੰਘੀ ਹਕੂਮਤ ਵਾਲੇ ਕਬਾਇਲੀ ਖੇਤਰਾਂ (ਫਾਟਾ) ਨੂੰ ਖੈਬਰ ਪਖਤੂਨਖਵਾ ਸੂਬੇ ਵਿਚ ਮਿਲਾ ਦਿੱਤਾ ਗਿਆ ਸੀ, ਜਿਸ ਮਗਰੋਂ ਇੱਥੇ ਪਹਿਲੀ ਵਾਰ ਸੂਬਾਈ ਚੋਣਾਂ ਹੋਈਆਂ ਹਨ।


author

Vandana

Content Editor

Related News