ਵੱਡਾ ਖੁਲਾਸਾ: ਇਮਰਾਨ ਖਾਨ ਦੇ ਇਸ ਜਨਰਲ ਨੇ ਚਾਰ ਦੇਸ਼ਾਂ ''ਚ ਬਣਾਈ ਅਰਬਾਂ ਦੀ ਦੌਲਤ

8/28/2020 3:30:40 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦਾ ਇਕ ਹੋਰ ਸਾਬਕਾ ਜਨਰਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰ ਗਿਆ ਹੈ। ਪਾਕਿਸਤਾਨੀ ਫੌਜ ਦੇ ਜਨਰਲ ਕਿਸ ਤਰ੍ਹਾਂ ਆਪਣੇ ਦੇਸ਼ ਨੂੰ ਵੇਚ ਖਾ ਰਹੇ ਹਨ, ਇਸ ਦਾ ਇਕ ਤਾਜ਼ਾ ਉਦਾਹਰਨ ਸਾਹਮਣੇ ਆਇਆ ਹੈ। ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਦੇ ਚੇਅਰਮੈਨ ਜਨਰਲ ਅਸੀਮ ਸਲੀਮ ਬਾਜਵਾ ਅਤੇ ਉਹਨਾਂ ਦੇ ਪਰਿਵਾਰ ਦੀ ਵੱਡੀ ਆਰਥਿਕ ਧੋਖਾਧੜੀ ਦਾ ਖੁਲਾਸਾ ਹੋਇਆ ਹੈ। ਬਾਜਵਾ ਪਾਕਿਸਤਾਨੀ ਫੌਜ ਦ ਬੁਲਾਰੇ ਸਨ ਅਤੇ ਬਾਅਦ ਵਿਚ ਰਿਟਾਇਰ ਹੋਣ 'ਤੇ ਚੀਨ ਨਾਲ ਕਰੀਬੀ ਦੇਖਦੇ ਹੋਏ ਸੀ.ਪੀ.ਈ.ਸੀ. ਦੇ ਚੇਅਰਮੈਨ ਬਣਾ ਦਿੱਤੇ ਗਏ। ਅਸੀਮ ਬਾਜਵਾ ਦੇ ਪਰਿਵਾਰ ਨੇ ਉਹਨਾਂ ਦੇ ਫੌਜ ਵਿਚ ਰਹਿਣ ਦੌਰਾਨ ਅਤੇ ਉਸ ਦੇ ਬਾਅਦ ਹੁਣ ਤੱਕ 99 ਕੰਪਨੀਆਂ ਅਤੇ 133 ਰੈਸਟੋਰੈਟ ਬਣਾ ਲਏ ਹਨ।

ਪਾਕਿਸਤਾਨ ਦੀ ਮਸ਼ਹੂਰ ਵੈਬਸਾਈਟ ਫੈਕਟ ਫੋਕਸ ਦੀ ਰਿਪੋਰਟ ਮੁਤਾਬਕ ਬਾਜਵਾ ਅਤੇ ਉਹਨਾਂ ਦੇ ਪਰਿਵਾਰ ਦਾ ਇਹ ਆਰਥਿਕ ਸਾਮਰਾਜ 4 ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਫੈਕਟ ਫੋਕਸ ਵੈਬਸਾਈਟ ਨੇ ਜਦੋਂ ਇਹ ਖੁਲਾਸਾ ਕੀਤਾ ਤਾਂ ਕੁਝ ਦੇਰ ਦੇ ਲਈ ਉਹਨਾਂ ਦੀ ਵੈਬਸਾਈਟ ਹੀ ਹੈਕ ਹੋ ਗਈ। ਭਾਵੇਂਕਿ ਬਾਅਦ ਵਿਚ ਉਸ ਨੂੰ ਠੀਕ ਕਰ ਦਿੱਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਵੇਂ-ਜਿਵੇਂ ਫੌਜ ਵਿਚ ਅਸੀਮ ਬਾਜਵਾ ਦੀ ਤਰੱਕੀ ਹੁੰਦੀ ਗਈ, ਉਹਨਾਂ ਦੇ ਪਰਿਵਾਰ ਦਾ ਕਾਰੋਬਾਰ ਵੱਧਦਾ ਗਿਆ।

ਰਿਪੋਰਟ ਵਿਚ ਕਿਹਾ ਗਿਆ ਹੈਕਿ ਜਨਰਲ ਅਸੀਮ ਬਾਜਵਾ ਨੇ ਆਪਣੀ ਸਹੁੰ ਵਿਚ ਕਿਹਾ ਸੀ ਕਿ ਉਹਨਾਂ ਦੀ ਪਤਨੀ ਦਾ ਪਾਕਿਸਤਾਨ ਦੇ ਬਾਹਰ ਕੋਈ ਕਾਰੋਬਾਰ ਨਹੀਂ ਹੈ ਪਰ ਅਸਲੀਅਤ ਠੀਕ ਇਸ ਦੇ ਉਲਟ ਹੈ। ਬਾਜਵਾ ਇਸ ਸਮੇਂ ਸੀ.ਪੀ.ਈ.ਸੀ. ਦੇ ਚੇਅਰਮੈਨ ਹਨ ਜਿਸ ਦੇ ਤਹਿਤ ਚੀਨ ਅਰਬਾਂ ਡਾਲਰ ਦਾ ਨਿਵੇਸ਼ ਪਾਕਿਸਤਾਨ ਵਿਚ ਕਰ ਰਿਹਾ ਹੈ। ਇਹੀ ਨਹੀਂ ਜਨਰਲ ਅਸੀਮ ਬਾਜਵਾ ਪਾਕਿ ਪੀ.ਐੱਮ. ਇਮਰਾਨ ਖਾਨ ਦੇ ਵਿਸ਼ੇਸ ਸਹਾਇਕ ਹਨ। ਅਸੀਮ ਬਾਜਵਾ ਦੇ ਛੋਟੇ ਭਰਾਵਾਂ ਨੇ ਸਾਲ 2002 ਵਿਚ ਪਹਿਲੀ ਵਾਰ ਪਾਪ ਜੌਨ ਪਿੱਜ਼ਾ ਰੈਸਟੋਰੈਂਟ ਖੋਲ੍ਹਿਆ ਸੀ। ਇਸੇ ਸਾਲ ਜਨਰਲ ਅਸੀਮ ਬਾਜਵਾ ਉਸ ਸਮੇਂ ਦੇ ਫੌਜ ਮੁੱਖੀ ਜਨਰਲ ਪਰਵੇਜ਼ ਮੁਸ਼ੱਰਫ ਦੇ ਕੋਲ ਲੈਫਟੀਨੈਂਟ ਕਰਨਲ ਦੇ ਰੂਪ ਵਿਚ ਤਾਇਨਾਤ ਸਨ। 

ਪੜ੍ਹੋ ਇਹ ਅਹਿਮ ਖਬਰ- ਨੂਰ ਇਨਾਇਤ ਖਾਨ ਲੰਡਨ 'ਚ 'ਯਾਦਗਾਰੀ ਪੈਨਲ' ਪਾਉਣ ਵਾਲੀ ਬਣੀ ਭਾਰਤੀ ਮੂਲ ਦੀ ਪਹਿਲੀ ਬੀਬੀ

ਬਾਜਵਾ ਕੁੱਲ 6 ਭਰਾ ਹਨ ਅਤੇ ਉਹਨਾਂ ਦੀਆਂ 3 ਭੈਣਾਂ ਹਨ । ਅਸੀਮ ਬਾਜਵਾ ਦੇ ਭਰਾ ਨਦੀਮ ਬਾਜਵਾ ਨੇ ਪਿੱਜ਼ਾ ਰੈਸਟੋਰੈਂਟ ਵਿਚ ਡਿਲੀਵਰੀ ਦੇ ਰੂਪ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅੱਜ ਦੇ ਸਮੇਂ ਵਿਚ ਉਹਨਾਂ ਦੇ ਭਰਾ ਅਤੇ ਪਤਨੀ 99 ਕੰਪਨੀਆਂ ਦੇ ਮਾਲਕ ਹਨ। ਇਹਨਾਂ ਦੇ ਕੋਲ ਪਿੱਜ਼ਾ ਕੰਪਨੀ ਦੇ 133 ਰੈਸਟੋਰੈਂਟ ਹਨ ਜਿਹਨਾਂ ਦੀ ਕੀਮਤ ਕਰੀਬ 4 ਕਰੋੜ ਡਾਲਰ ਹੈ। ਇਹਨਾਂ 99 ਕੰਪਨੀਆਂ ਵਿਚ 66 ਮੁੱਖ ਕੰਪਨੀਆਂ ਹਨ ਅਤੇ 33 ਬ੍ਰਾਂਚ ਕੰਪਨੀਆਂ। ਬਾਜਵਾ ਦੇ ਪਰਿਵਾਰ ਨੇ 5 ਕਰੋੜ 22 ਲੱਖ ਡਾਲਰ ਆਪਣੇ ਕਾਰੋਬਾਰ ਨੂੰ ਵਿਕਸਿਤ ਕਰਨ ਦੇ ਲਈ ਖਰਚ ਕੀਤੇ ਅਤੇ ਇਕ ਕਰੋੜ 45 ਲੱਖ ਡਾਲਰ ਅਮਰੀਕਾ ਵਿਚ ਜਾਇਦਾਦ ਖਰੀਦਣ ਵਿਚ। ਇਹ ਸਥਿਤੀ ਉਦੋਂ ਹੈ ਜਦੋਂ ਖੁਦ ਬਾਜਵਾ ਆਪਣੇ ਦੇਸ਼ ਵਿਚ ਨਿਵੇਸ਼ ਕਰਨ ਲਈ ਵਿਦੇਸ਼ਾਂ ਵਿਚ ਵਸੇ ਪਾਕਿਸਤਾਨੀਆਂ ਨੂੰ ਅਪੀਲ ਕਰ ਰਹੇ ਹਨ। 

ਬਾਜਵਾ ਦੀ ਕੰਪਨੀ ਦਾ ਨਾਮ ਬਾਜਕੋ ਗਰੁੱਪ ਕੰਪਨੀਜ਼ ਹੈ। ਅਸੀਮ ਬਾਜਵਾ ਦਾ ਬੇਟਾ ਸਾਲ 2015 ਵਿਚ ਇਸ ਕੰਪਨੀ ਵਿਚ ਸ਼ਾਮਲ ਹੋਇਆ ਅਤੇ ਆਪਣੇ ਪਿਤਾ ਦੇ ਪਾਕਿਸਤਾਨੀ ਫੌਜ ਦੇ ਬੁਲਾਰੇ ਰਹਿਣ ਦੇ ਦੌਰਾਨ ਦੇਸ਼ ਅਤੇ ਅਮਰੀਕਾ ਵਿਚ ਕਈ ਨਵੀਆਂ ਕੰਪਨੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਇਹ ਕੰਪਨੀਆਂ ਅਮਰੀਕਾ ਦੇ ਇਲਾਵਾ ਯੂ.ਏ.ਈ. ਅਤੇ ਕੈਨੇਡਾ ਵਿਚ ਵੀ ਮੌਜੂਦ ਹਨ। ਇਹਨਾਂ ਦੀ ਕੀਮਤ ਅਰਬਾਂ ਪਾਕਿਸਤਾਨੀ ਰੁਪਏ ਹੈ। ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਇਮਰਾਨ ਖਾਨ ਨੇ ਉਹਨਾਂ ਨੂੰ ਆਪਣਾ ਵਿਸ਼ੇਸ਼ ਸਹਾਇਕ ਬਣਾਇਆ ਸੀ ਉਦੋਂ ਅਸੀਮ ਬਾਜਵਾ ਨੇ ਆਪਣੀ ਪਤਨੀ ਦੇ ਨਾਮ 'ਤੇ 18,468 ਡਾਲਰ ਦਾ ਨਿਵੇਸ਼ ਘੋਸ਼ਿਤ ਕੀਤਾ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਦੇ ਬਾਹਰ ਉਹਨਾਂ ਦੀ ਪਤਨੀ ਦੀ ਕੋਈ ਅਚਲ ਜਾਇਦਾਦ ਨਹੀਂ ਹੈ। ਇਸ ਖੁਲਾਸੇ ਦੇ ਬਾਅਦ ਪਾਕਿਸਤਾਨ ਵਿਚ ਹਲਚਲ ਵੱਧ ਗਈ ਹੈ। ਇਹੀ ਨਹੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਜਨਰਲ ਅਸੀਮ ਬਾਜਵਾ ਨੂੰ ਹਟਾਉਣ ਲਈ ਦਬਾਅ ਵੱਧਦਾ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਜਾਪਾਨ : ਸ਼ਿੰਜ਼ੋ ਆਬੇ ਨੇ ਪੀ.ਐੱਮ ਅਹੁਦੇ ਤੋਂ ਦਿੱਤਾ ਅਸਤੀਫਾ


Vandana

Content Editor Vandana