ਏਅਰਸਪੇਸ ਬੰਦ ਕਰਨ ਨਾਲ ਪਾਕਿ ਨੂੰ ਹੋਇਆ ਕਰੀਬ 8 ਅਰਬ ਰੁਪਏ ਦਾ ਨੁਕਸਾਨ
Friday, Jul 19, 2019 - 05:04 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਨੇ ਫਰਵਰੀ ਮਹੀਨੇ ਬਾਲਾਕੋਟ ਹਵਾਈ ਹਮਲੇ ਦੇ ਬਾਅਦ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਇਸ ਨਾਲ ਪਾਕਿਸਤਾਨ ਨੂੰ 8 ਅਰਬ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਫਰਵਰੀ ਵਿਚ ਭਾਰਤੀ ਹਵਾਈ ਫੌਜ ਨੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਬਾਲਾਕੋਟ ਵਿਚ ਸਥਿਤ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪ 'ਤੇ ਹਵਾਈ ਹਮਲਾ ਕੀਤਾ ਸੀ। ਇਸ ਮਗਰੋਂ ਪਾਕਿਸਤਾਨ ਨੇ 26 ਫਰਵਰੀ ਨੂੰ ਆਪਣੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ।
ਪਾਕਿਸਤਾਨ ਨੇ ਇਸ ਹਫਤੇ ਮੰਗਲਵਾਰ ਨੂੰ ਨਾਗਰਿਕ ਉਡਾਣਾਂ ਲਈ ਆਪਣਾ ਹਵਾਈ ਖੇਤਰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ। ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਇੱਥੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਹੈੱਡਕੁਆਰਟਰ ਵਿਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਹਵਾਈ ਖੇਤਰ ਵਿਚ ਬੰਦ ਕਰਨ ਕਾਰਨ ਅਥਾਰਿਟੀ ਨੂੰ 8.5 ਅਰਬ ਰੁਪਏ ਦਾ ਨੁਕਸਾਨ ਝੱਲਣਾ ਪਿਆ। ਇਕ ਅੰਗਰੇਜ਼ੀ ਅਖਬਾਰ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ,''ਇਹ ਸਾਡੇ ਹਵਾਬਾਜ਼ੀ ਉਦਯੋਗ ਲਈ ਵੱਡਾ ਨੁਕਸਾਨ ਹੈ ਪਰ ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਦੀ ਬਜਾਏ ਭਾਰਤ ਨੂੰ ਵੱਧ ਨੁਕਸਾਨ ਹੋਇਆ ਹੈ। ਭਾਰਤ ਨੂੰ ਲੱਗਭਗ ਦੁੱਗਣਾ ਨੁਕਸਾਨ ਹੋਇਆ ਹੈ ਪਰ ਹੁਣ ਦੋਹਾਂ ਪੱਖਾਂ ਵੱਲੋਂ ਸਹਿਣਸ਼ੀਲਤਾ ਦੀ ਲੋੜ ਹੈ।''
ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਨੂੰ ਅੰਤਰਰਾਸ਼ਟਰੀ ਮਾਨਕ ਦੇ ਅਨੁਕੂਲ ਬਣਾਉਣ ਲਈ ਹਵਾਬਾਜ਼ੀ ਨੀਤੀ 2019 ਦੇ ਤਹਿਤ ਉਨ੍ਹਾਂ ਨੂੰ ਆਧੁਨਿਕ ਸਕੈਨਰਾਂ ਅਤੇ ਉਪਕਰਣਾਂ ਨਾਲ ਲੈਸ ਕੀਤਾ ਜਾਵੇਗਾ। ਇਕ ਹੋਰ ਅੰਗਰੇਜ਼ੀ ਅਖਬਾਰ ਮੁਤਾਬਕ ਏਅਰਸਪੇਸ ਖੁੱਲ੍ਹਣ ਨਾਲ ਯੂਰਪ ਅਤੇ ਅਮਰੀਕਾ ਜਾਣ ਵਾਲੀਆਂ ਫਲਾਈਟਾਂ ਦੀ ਟਿਕਟ ਦੀਆਂ ਕੀਮਤਾਂ ਵਿਚ 15 ਤੋਂ 20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਇਲਾਵਾ ਸਫਰ ਵਿਚ ਲੱਗਣ ਵਾਲੇ ਸਮੇਂ ਵਿਚ ਕਮੀ ਹੋਈ ਹੈ।