ਪਾਕਿ ਦੇ ਇਸ ਸ਼ਹਿਰ ’ਚ ਤੇਜ਼ੀ ਨਾਲ ਵਧੇ HIV ਦੇ ਮਾਮਲੇ

Thursday, Aug 29, 2019 - 01:35 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ਾਹਕੋਟ ਸ਼ਹਿਰ ਵਿਚ ਐੱਚ.ਆਈ.ਵੀ. ਮਤਲਬ ਏਡਜ਼ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਇਕ ਸਾਲ ਵਿਚ ਇਸ ਸ਼ਹਿਰ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ 140 ਤੱਕ ਪਹੰੁਚ ਗਈ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਇਸ ਸੰਬੰਧ ਵਿਚ ਇਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਵੱਲੋਂ ਪੰਜਾਬ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ 140 ਲੋਕਾਂ ਵਿਚੋਂ 85 ਇਸ ਸਾਲ ਵਾਇਰਸ ਦੇ ਇਨਫੈਕਸ਼ਨ ਨਾਲ ਪੀੜਤ ਪਾਏ ਗਏ। ਰਿਪੋਰਟ ਵਿਚ ਕਿਹਾ ਗਿਆ,‘‘ਇਸ ਏਜੰਸੀ ਦੇ ਫੀਲਡ ਸਟਾਫ ਦੇ ਸਰਵੇਖਣ ਵਿਚ ਖੁਲਾਸਾ ਹੋਇਆ ਹੈ ਕਿ ਨਨਕਾਣਾ ਸਾਹਿਬ ਜ਼ਿਲੇ ਦੇ ਸ਼ਾਹਕੋਟ ਵਿਚ ਐੱਚ.ਆਈ.ਵੀ. ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।’’ 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਿਲਾ ਅਧਿਕਾਰੀਆਂ ਕੋਲ ਪ੍ਰਭਾਵਿਤ ਲੋਕਾਂ ਦੀਆਂ ਸਿਹਤ ਲੋੜਾਂ ਪੂਰੀਆਂ ਕਰਨ ਲਈ ਸਹੂਲਤਾਂ ਦੀ ਕਮੀ ਹੈ। ਇਸ ਕਾਰਨ ਸਥਿਤੀ ਹੋਰ ਗੰਭੀਰ ਹੋ ਰਹੀ ਹੈ। ਰਿਪੋਰਟ ਮੁਤਾਬਕ ਵਾਇਰਸ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਕੁਝ ਮਾਮਲੇ ਅਜਿਹੇ ਵੀ ਹੋ ਸਕਦੇ ਹਨ ਕਿ ਜਿਨ੍ਹਾਂ ਦੇ ਬਾਰੇ ਵਿਚ ਜਾਣਕਾਰੀ ਹੀ ਨਾ ਹੋਵੇ। ਇਸ ਵਿਚ ਸਥਿਤੀ ਦੇ ਮੁਲਾਂਕਣ ਲਈ ਸੂਬੇਵਾਰ ਇਕ ਵਿਸਥਾਰਤ ਸਰਵੇਖਣ ਕਰਵਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। 

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਕਾਫੀ ਤੇਜ਼ੀ ਨਾਲ ਵੱਧ ਰਹੇ ਐੱਚ.ਆਈ.ਵੀ. ਇਨਫੈਕਸ਼ਨ ਦੇ ਮਾਮਲੇ ਵਿਚ ਪਾਕਿਸਤਾਨ ਪੂਰੇ ਏਸ਼ੀਆ ਵਿਚ ਦੂਜੇ ਨੰਬਰ ’ਤੇ ਹੈ। ਦੇਸ਼ ਵਿਚ ਇਕੱਲੇ 2017 ਵਿਚ ਇਨਫੈਕਸ਼ਨ ਦੇ 20 ਹਜ਼ਾਰ ਮਾਮਲੇ ਨਵੇਂ ਸਾਹਮਣੇ ਆਏ ਸਨ। ਪਾਕਿਸਤਾਨ ਨੇ ਬੀਤੀ ਮਈ ਵਿਚ ਉਦੋਂ ਵਿਸ਼ਵ ਸਿਹਤ ਸੰਗਠਨ ਤੋਂ ਮਦਦ ਮੰਗੀ ਸੀ ਜਦੋਂ ਸਿੰਧ ਸੂਬੇ ਵਿਚ ਵੱਡੀ ਗਿਣਤੀ ਵਿਚ ਐੱਚ.ਆਈ.ਵੀ. ਦੇ ਹਾਲ ਹੀ ਦੇ ਮਾਮਲਿਆਂ ਬਾਰੇ ਪਤਾ ਚੱਲਿਆ ਸੀ। ਇਸ ਸੂਬੇ ਵਿਚ ਹੁਣ ਤੱਕ 600 ਤੋਂ ਵੱਧ ਲੋਕ ਏਡਜ਼ ਦੇ ਸ਼ਿਕਾਰ ਹੋ ਚੁੱਕੇ ਹਨ।


Vandana

Content Editor

Related News