ਪਾਕਿਸਤਾਨ : ਈਸ਼ਨਿੰਦਾ ਮਾਮਲੇ ’ਚ ਵਿਅਕਤੀ ਨੂੰ ਹੋਈ 5 ਸਾਲ ਦੀ ਕੈਦ
Saturday, Oct 19, 2019 - 12:03 AM (IST)

ਲਾਹੌਰ (ਭਾਸ਼ਾ)–ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਸ਼ਲ ਮੀਡੀਆ ਵਿਚ ਈਸ਼ਨਿੰਦਾ ਨਾਲ ਸਬੰਧਤ ਸਮੱਗਰੀ ਪਾਉਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਦੇਸ਼ ਦੇ ਨਵੇਂ ਸਾਈਬਰ ਮੁਜਰਮਾਨਾ ਕਾਨੂੰਨ ਦੇ ਤਹਿਤ ਕਿਸੇ ਵਿਅਕਤੀ ਨੂੰ ਸਜ਼ਾ ਦਿੱਤੇ ਜਾਣ ਦਾ ਪਹਿਲਾ ਮਾਮਲਾ ਹੈ। ਸਾਈਬਰ ਜੁਰਮਾਂ ਬਾਰੇ ਵਿਸ਼ੇਸ਼ ਅਦਾਲਤ ਨੇ ਸ਼ੀਆ ਫਿਰਕੇ ਦੇ ਸਰਗਰਮ ਮੈਂਬਰ ਸਾਜਿਦ ਅਲੀ ਨੂੰ ਇਹ ਸਜ਼ਾ ਸੁਣਾਈ। ਉਸ ’ਤੇ 2017 ਵਿਚ ਫੇਸਬੁੱਕ ’ਤੇ ਬੇਅਦਬੀ ਭਰੀ ਈਸ਼ਨਿੰਦਾ ਕਰਨ ਵਾਲੀ ਅਤੇ ਅਪਮਾਨਜਨਕ ਸਮੱਗਰੀ ਪਾਉਣ ਦਾ ਇਲਜ਼ਾਮ ਹੈ।
ਸਾਜਿਦ ਅਲੀ ਨੂੰ ਇਲੈਕਟ੍ਰਾਨਿਕਸ ਜੁਰਮ ਰੋਕੂ ਨੋਟੀਫਿਕੇਸ਼ਨ 2016 ਅਤੇ ਪੀ. ਪੀ. ਸੀ. ਦੀ ਧਾਰਾ 298 ਏ ਦੇ ਤਹਿਤ ਇਹ ਸਜ਼ਾ ਸੁਣਾਈ ਗਈ ਹੈ। ਅਲੀ ਬਹਾਵਲ ਨਗਰ ਦੀ ਕ੍ਰਿਸ਼ਚੀਅਨ ਤਹਿਸੀਲ ਦਾ ਰਹਿਣ ਵਾਲਾ ਹੈ। ਉਸ ਵਿਰੁੱਧ ਸਥਾਨਕ ਲੋਕਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਬਾਅਦ ਵਿਚ ਫੈਡਰਲ ਪੜਤਾਲੀਆ ਏਜੰਸੀ (ਐੱਫ. ਆਈ. ਏ.) ਦੇ ਸਾਈਬਰ ਜੁਰਮ ਹਲਕਾ ਲਾਹੌਰ ਦੇ ਸਪੁਰਦ ਕਰ ਦਿੱਤਾ ਗਿਆ। ਐੱਫ. ਆਈ. ਏ. ਸਾਈਬਰ ਜੁਰਮ ਲਾਹੌਰ ਦੇ ਮੁਖੀ ਸਰਫਰਾਜ਼ ਚੌਧਰੀ ਨੇ ਕਿਹਾ ਕਿ ਪੈਗੰਬਰ ਮੁਹੰਮਦ ਦੇ ਸਹਾਬਾ (ਸਹਿਯੋਗੀ) ਦੇ ਵਿਰੁੱਧ ਈਸ਼ਨਿੰਦਾ ਸਬੰਧੀ ਸਮੱਗਰੀ ਪੋਸਟ ਕਰਨ ਦੇ ਇਲਜ਼ਾਮ ਹੇਠ ਨਵੇਂ ਕਾਨੂੰਨ ਤਹਿਤ ਦੋਸ਼ ਸਾਬਿਤ ਹੋਣ ਦਾ ਇਹ ਪਹਿਲਾ ਮਾਮਲਾ ਹੈ।