ਭਾਰਤ ਨੇ ਆਪਣੇ 4 ਨਾਗਰਿਕਾਂ ਦੀ ਰਿਹਾਈ ਲਈ ਪਾਕਿਸਤਾਨ ਨੂੰ ਕੀਤੀ ਮੰਗ
Friday, Oct 16, 2020 - 06:02 PM (IST)
ਇਸਲਾਮਾਬਾਦ (ਬਿਊਰੋ): ਭਾਰਤ ਅਤੇ ਪਾਕਿਸਤਾਨ ਦੇ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਪਾਕਿਸਤਾਨ ਵਿਚ ਮੌਜੂਦ ਭਾਰਤੀ ਹਾਈ ਕਮਿਸ਼ਨ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਚਾਰ ਭਾਰਤੀ ਨਾਗਰਿਕਾਂ ਨੂੰ ਛੱਡਣ ਦੀ ਅਪੀਲ ਕੀਤੀ ਗਈ ਹੈ। ਇਹਨਾਂ ਨੂੰ ਪਾਕਿਸਤਾਨ ਦੀਆਂ ਮਿਲਟਰੀ ਅਦਾਲਤਾਂ ਨੇ ਜਾਸੂਸੀ ਦੇ ਦੋਸ਼ ਵਿਚ ਸਜ਼ਾ ਸੁਣਾਈ ਸੀ ਪਰ ਸਜ਼ਾ ਪੂਰੀ ਹੋਣ ਦੇ ਬਾਅਦ ਵੀ ਹੁਣ ਤੱਕ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਹੈ। ਅਜਿਹੇ ਵਿਚ ਹੁਣ ਇਸਲਾਮਾਬਾਦ ਹਾਈ ਕੋਰਟ ਵਿਚ ਇਸ ਸਬੰਧੀ ਅਪੀਲ ਕੀਤੀ ਗਈ ਹੈ।
ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਦੇ ਮੁਤਾਬਕ, ਇਹ ਪਟੀਸ਼ਨ ਭਾਰਤੀ ਹਾਈ ਕੋਰਟ ਵਿਚ ਫਰਸਟ ਸੈਕਟਰੀ ਅਪਰਨਾ ਰੇ ਵੱਲੋਂ ਲਗਾਈ ਗਈ ਹੈ। ਅਪੀਲ ਵਿਚ ਕਿਹਾ ਗਿਆ ਹੈ ਕਿ ਇਹਨਾਂ ਸਾਰਿਆਂ ਨੂੰ ਹੁਣ ਵੀ ਬੰਦੀ ਬਣਾਈ ਰੱਖਣਾ ਪਾਕਿਸਤਾਨ ਦੇ ਹੀ ਕਾਨੂੰਨ ਦੀ ਉਲੰਘਣਾ ਹੈ। ਅਜਿਹੇ ਵਿਚ ਅਦਾਲਤ ਨੂੰ ਇਹਨਾਂ ਨੂੰ ਤੁਰੰਤ ਛੱਡਣ ਦਾ ਆਦੇਸ਼ ਦੇਣਾ ਚਾਹੀਦਾ ਹੈ। ਇਸ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ। ਇਸ ਮਾਮਲੇ ਦੀ ਸੁਣਵਾਈ ਜਸਟਿਸ ਮੋਹਸੀਨ ਅਖਤਰ ਕਰਨਗੇ। ਇਸ ਮਾਮਲੇ ਵਿਚ ਪਾਕਿਸਤਾਨ ਸਰਕਾਰ ਵੱਲੋਂ ਅੰਦਰੂਨੀ ਮੰਤਰਾਲੇ ਆਪਣਾ ਪੱਖ ਰੱਖੇਗਾ।
ਇਹ ਹਨ ਚਾਰ ਭਾਰਤੀ
ਜਿਹੜੇ ਭਾਰਤੀਆਂ ਨੂੰ ਰਿਹਾਅ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਵਿਚ ਬਿਰਜੂ ਦੁੰਗ, ਵਿਗਿਆਨ ਕੁਮਾਰ, ਸਤੀਸ਼ ਭੋਗ ਅਤੇ ਸੋਨੂੰ ਸਿੰਘ ਸ਼ਾਮਲ ਹਨ। ਇਹਨਂ ਵਿਚੋਂ ਪਹਿਲੇ ਤਿੰਨ ਸੈਂਟਰਲ ਜੇਲ੍ਹ ਲਾਹੌਰ ਵਿਚ ਬੰਦ ਹਨ ਜਦਕਿ ਸੋਨੂੰ ਸਿੰਘ ਕਰਾਚੀ ਦੀ ਜੇਲ੍ਹ ਵਿਚ ਬੰਦ ਹੈ। ਭਾਰਤੀ ਹਾਈ ਕਮਿਸ਼ਨ ਵੱਲੋਂ ਦਿੱਤੀ ਗਈ ਪਟੀਸ਼ਨ ਦੇ ਮੁਤਾਬਕ, ਬਿਰਜੂ ਦੀ ਸਜ਼ਾ ਅਪ੍ਰੈਲ 2007, ਸੋਨੂੰ ਸਿੰਘ ਦੀ ਸਜ਼ਾ ਮਾਰਚ 2012, ਵਿਗਿਆਨ ਕੁਮਾਰ ਦੀ ਸਜ਼ਾ ਜੂਨ 2014 ਅਤੇ ਸਤੀਸ਼ ਭੋਗ ਦੀ ਸਜ਼ਾ ਮਈ 2015 ਵਿਚ ਹੀ ਖਤਮ ਹੋ ਚੁੱਕੀ ਹੈ। ਅਜਿਹੇ ਵਿਚ ਪੰਜ ਸਾਲ ਤੋਂ ਲੈ ਕੇ 13 ਸਾਲ ਤੱਕ ਇਹਨਾਂ ਨੂੰ ਗਲਤ ਤਰੀਕੇ ਨਾਲ ਕੈਦ ਵਿਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਹਾਂਗਕਾਂਗ ਦੇ ਲੋਕਾਂ ਨੂੰ ਸ਼ਰਨ ਦੇਣ ਸਬੰਧੀ ਕੈਨੇਡਾ ਨੂੰ ਦਿੱਤੀ ਚਿਤਾਵਨੀ
ਪਟੀਸ਼ਨ ਦੇ ਮੁਤਾਬਕ, ਇਹਨਾਂ ਸਾਰਿਆਂ ਨੂੰ ਪਾਕਿਸਤਾਨ ਦੀ ਸੰਵਿਧਾਨ ਦੀ ਧਾਰਾ 199 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪਾਕਿਸਤਾਨੀ ਆਰਮੀ ਐਕਟ ਦੇ ਸੈਕਸ਼ਨ 59 ਦੇ ਤਹਿਤ ਜਾਸੂਸੀ ਦਾ ਦੋਸ਼ ਲਗਾਇਆ ਗਿਆ ਸੀ। ਇਸ ਤਰ੍ਹਾਂ ਦੇ ਦੋਸ਼ ਪਾਕਿਸਤਾਨ ਨੇ ਕੁਲਭੂਸ਼ਣ ਜਾਧਵ 'ਤੇ ਵੀ ਲਗਾਏ ਹਨ। ਹੁਣ ਭਾਰਤ ਨੇ ਇਹਨਾਂ ਚਾਰੇ ਭਾਰਤੀਆਂ 'ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਇਹਨਾਂ ਦੀ ਸਜ਼ਾ ਨੂੰ ਵੀ ਗਲਤ ਦੱਸਿਆ ਹੈ। ਅਜਿਹੇ ਵਿਚ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਭਾਰਤੀ ਹਾਈ ਕਮਿਸ਼ਨ ਨੇ ਇਸ ਬਾਰੇ ਵਿਚ ਕਈ ਵਾਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੂੰ ਲਿਖਿਆ ਹੈ ਪਰ ਕੋਈ ਜਵਾਬ ਨਹੀਂ ਦਿੱਤਾ ਗਿਆ।