ਪਾਕਿ : ਇਕੱਲੇ ਅਪ੍ਰੈਲ ''ਚ ਹੀ 3000 ਤੋਂ ਵੱਧ ਬੱਚੇ ਕੋਵਿਡ ਨਾਲ ਹੋਏ ਪੀੜਤ

Sunday, May 02, 2021 - 01:28 PM (IST)

ਪਾਕਿ : ਇਕੱਲੇ ਅਪ੍ਰੈਲ ''ਚ ਹੀ 3000 ਤੋਂ ਵੱਧ ਬੱਚੇ ਕੋਵਿਡ ਨਾਲ ਹੋਏ ਪੀੜਤ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਖੇ ਸੰਘੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅਪ੍ਰੈਲ ਵਿਚ 1-10 ਸਾਲ ਦੀ ਉਮਰ ਦੇ 3,000 ਤੋਂ ਵੱਧ ਕੋਰੋਨਾ ਵਾਇਰਸ ਪੀੜਤ ਬੱਚਿਆਂ ਦਾ ਇਲਾਜ ਕੀਤਾ ਗਿਆ। ਜੀਓ ਟੀਵੀ ਨੇ ਦੱਸਿਆ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਪ੍ਰੈਲ ਮਹੀਨੇ ਵਿਚ 1 ਤੋਂ 10 ਸਾਲ ਦੀ ਉਮਰ ਦੇ 3,315 ਬੱਚੇ ਅਤੇ 11 ਤੋਂ 20 ਸਾਲ ਦੀ ਉਮਰ ਦੇ 12,162 ਮੁੰਡੇ-ਕੁੜੀਆਂ ਕੋਵਿਡ-19 ਨਾਲ ਪੀੜਤ ਪਾਏ ਗਏ।  ਇਸ ਨੇ ਇਹ ਵੀ ਦਰਸਾਇਆ ਕਿ ਮਹੀਨੇ ਦੇ ਦੌਰਾਨ ਕੋਰੋਨਾ ਵਾਇਰਸ ਕਾਰਨ ਘੱਟੋ ਘੱਟ 19 ਬੱਚਿਆਂ ਦੀ ਮੌਤ ਹੋ ਗਈ।

ਕੁੜੀਆਂ ਵਿਚ 1-10 ਉਮਰ ਸਮੂਹ ਦੀ ਗਿਣਤੀ 1,424 ਸੀ ਜਦਕਿ 11-20 ਉਮਰ ਸਮੂਹ ਦੀਆਂ ਕੁੜੀਆਂ ਦੀ ਗਿਣਤੀ 5,205 ਸੀ। ਉੱਧਰ 1,891 ਮੁੰਡੇ 1-10 ਉਮਰ ਸਮੂਹ ਦੇ ਸਨ, ਜਦੋਂ ਕਿ 6,957 ਮੁੰਡੇ 11-10 ਉਮਰ ਵਰਗ ਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ 1-10 ਸਾਲ ਦੀ ਉਮਰ ਸਮੂਹ ਵਿਚ ਘੱਟੋ ਘੱਟ 6 ਅਤੇ 11-20 ਉਮਰ ਵਰਗ ਦੇ 13 ਬੱਚਿਆਂ ਦੀ ਮੌਤ ਕੋਵਿਡ-19 ਕਾਰਨ ਹੋਈ ਹੈ। ਹੁਣ ਤੱਕ ਦੇਸ਼ ਭਰ ਵਿਚ 1ਤੋਂ 10 ਸਾਲ ਦੀ ਉਮਰ ਦੀਆਂ 10,036 ਕੁੜੀਆਂ ਅਤੇ 11 ਤੋਂ 20 ਸਾਲ ਦੀ ਉਮਰ ਦੀਆਂ 28,496 ਕੁੜੀਆਂ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੀਆਂ ਹਨ।ਦੂਜੇ ਪਾਸੇ 1 ਤੋਂ 10 ਸਾਲ ਦੀ ਉਮਰ ਦੇ 14,500 ਮੁੰਡੇ ਅਤੇ 11-20 ਸਾਲ ਦੇ ਵਿਚਕਾਰ 40,670 ਮੁੰਡੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। 

ਪੜ੍ਹੋ ਇਹ ਅਹਿਮ ਖਬਰ - ਕੈਨੇਡਾ ਦਾ ਓਂਟਾਰੀਓ ਸੂਬਾ 3000 ਵੈਂਟੀਲੇਟਰ ਭੇਜੇਗਾ ਭਾਰਤ : MPP ਨੀਨਾ ਟਾਂਗਰੀ

ਗੌਰਤਲਬ ਹੈ ਕਿ ਪਾਕਿਸਤਾਨ ਕੋਰੋਨਾ ਵਾਇਰਸ ਦੀ ਤੀਜੀ ਜਾਨਲੇਵਾ ਲਹਿਰ ਨਾਲ ਜੂਝ ਰਿਹਾ ਹੈ, ਜਿਸ ਨੇ ਸਰਕਾਰ ਨੂੰ ਦੇਸ਼ ਦੇ ਕਈ ਖੇਤਰਾਂ ਵਿਚ ਤਾਲਾਬੰਦੀ ਲਗਾਉਣ ਲਈ ਮਜਬੂਰ ਕੀਤਾ ਹੈ। ਅੱਜ ਵੀ, ਨੈਸ਼ਨਲ ਕਮਾਂਡ ਅਤੇ ਆਪ੍ਰੇਸ਼ਨ ਸੈਂਟਰ (NCOC) ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 4,696 ਲੋਕ ਪਾਜ਼ੇਵਿਟ ਪਾਏ ਗਏ। ਨਵੇਂ ਕੇਸਾਂ ਨਾਲ ਦੇਸ਼ ਦੇ ਕੋਵਿਡ-19 ਦੇ ਕੁੱਲ ਅੰਕੜਿਆਂ ਦੀ ਗਿਣਤੀ ਹੁਣ 825,519 ਹੈ, ਜਦੋਂ ਕਿ ਜ਼ਿਆਦਾਤਰ ਕੇਸ ਪੰਜਾਬ ਵਿਚ ਸਾਹਮਣੇ ਆ ਰਹੇ ਹਨ।

ਨੋਟ- ਪਾਕਿ : ਇਕੱਲੇ ਅਪ੍ਰੈਲ 'ਚ ਹੀ 3000 ਤੋਂ ਵੱਧ ਬੱਚੇ ਕੋਵਿਡ ਨਾਲ ਹੋਏ ਪੀੜਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News