ਪਾਕਿਸਤਾਨ ''ਚ ਮਹਿੰਗਾਈ ਦੀ ਮਾਰ, ਆਟਾ ਲੈਣ ਲਈ ਮਚੀ ਭਗਦੜ ''ਚ 2 ਲੋਕਾਂ ਦੀ ਮੌਤ ਅਤੇ 8 ਜ਼ਖ਼ਮੀ
Tuesday, Mar 28, 2023 - 10:03 AM (IST)
ਪੇਸ਼ਾਵਰ (ਬਿਊਰੋ): ਆਰਥਿਕ ਸੰਕਟ ਵਿੱਚ ਘਿਰੇ ਪਾਕਿਸਤਾਨ ਵਿੱਚ ਲੋਕ ਦਾਣੇ-ਦਾਣੇ ਲਈ ਤਰਸ ਰਹੇ ਹਨ। ਪਾਕਿਸਤਾਨ ਵਿੱਚ ਇੱਕ ਪਾਸੇ ਆਮ ਲੋਕ ਭੁੱਖ ਨਾਲ ਮਰ ਰਹੇ ਹਨ ਅਤੇ ਦੂਜੇ ਪਾਸੇ ਅਧਿਕਾਰੀ ਕਣਕ ਵੇਚਣ ਵਿੱਚ ਲੱਗੇ ਹੋਏ ਹਨ। ਆਟਾ ਦੇਸ਼ ਲਈ ਇੱਕ ਵੱਡੇ ਸੰਕਟ ਵਜੋਂ ਉਭਰਿਆ ਹੈ। ਇੰਨਾ ਹੀ ਨਹੀਂ ਆਟੇ ਲਈ ਸੰਘਰਸ਼ ਕਰਨ ਵਾਲੇ ਲੋਕ ਆਪਣੀ ਜਾਨ ਵੀ ਗੁਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਮੁਫ਼ਤ ਵਿਚ ਆਟਾ ਵੰਡਿਆ ਜਾ ਰਿਹਾ ਸੀ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਭੀੜ ਇਕੱਠੀ ਹੋਣ ਕਾਰਨ ਭਗਦੜ ਮੱਚ ਗਈ, ਜਿਸ ਵਿਚ ਇਕ ਔਰਤ ਅਤੇ ਇਕ ਆਦਮੀ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਰਮਜ਼ਾਨ ਦੀਆਂ ਖੁਸ਼ੀਆਂ ਪਈਆਂ ਫਿੱਕੀਆਂ, ਪਾਕਿਸਤਾਨ 'ਚ ਖਾਣ-ਪੀਣ ਦੀਆਂ ਕੀਮਤਾਂ ਛੂ ਰਹੀਆਂ ਆਸਮਾਨ
ਪਾਕਿਸਤਾਨੀ ਪੱਤਰਕਾਰ ਇਫ਼ਤਿਖਾਰ ਫਿਰਦੌਸ ਨੇ ਇੱਕ ਵੀਡੀਓ ਟਵੀਟ ਕਰਕੇ ਖ਼ਰਾਬ ਹਾਲਾਤ ਬਾਰੇ ਦੱਸਿਆ। ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ 'ਖੈਬਰ ਪਖਤੂਨਖਵਾ ਦਾ ਬੰਨੂ ਇਲਾਕਾ ਸਭ ਤੋਂ ਰੂੜੀਵਾਦੀ ਖੇਤਰਾਂ 'ਚੋਂ ਇਕ ਹੈ। ਪਰ ਗਰੀਬੀ ਦਾ ਅਸਰ ਅਜਿਹਾ ਹੈ ਕਿ ਇੱਥੋਂ ਦੀਆਂ ਔਰਤਾਂ ਨੂੰ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਟਵੀਟ ਕੀਤਾ, ਜਿਸ 'ਚ ਔਰਤਾਂ ਨੂੰ ਸੜਕ 'ਤੇ ਬੈਠਿਆਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਸੜਕ ਜਾਮ ਕਰ ਦਿੱਤੀ ਹੈ। ਪਾਕਿਸਤਾਨ ਦੇ ਸਿੰਧ 'ਚ ਸ਼ਨੀਵਾਰ ਨੂੰ 40,000 ਟਨ ਕਣਕ ਚੋਰੀ ਕਰਨ ਦੇ ਦੋਸ਼ 'ਚ 67 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਇਹ ਉਹੀ ਕਣਕ ਸੀ ਜੋ ਪਾਕਿਸਤਾਨ ਦੇ ਭੁੱਖੇ ਲੋਕਾਂ ਨੂੰ ਖਾਣ ਲਈ ਰੂਸ ਤੋਂ ਆਈ ਸੀ। ਇਹ ਕਣਕ 10 ਜ਼ਿਲ੍ਹਿਆਂ ਵਿੱਚ ਸਰਕਾਰੀ ਗੋਦਾਮਾਂ ਵਿੱਚੋਂ ਚੋਰੀ ਹੋਈ ਹੈ। ਫਿਲਹਾਲ ਪਾਕਿਸਤਾਨੀ ਕਰੰਸੀ 'ਚ ਆਟਾ 150 ਰੁਪਏ ਤੋਂ ਜ਼ਿਆਦਾ 'ਚ ਵਿਕ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।