ਪਾਕਿ : ਇਮਰਾਨ ਖਿਲਾਫ 'ਆਜ਼ਾਦੀ ਮਾਰਚ' 'ਚ ਸ਼ਾਮਲ ਨਹੀਂ ਹੋਣਗੀਆਂ ਔਰਤਾਂ

10/08/2019 3:25:19 AM

ਇਸਲਾਮਾਬਾਦ - ਪਾਕਿਸਤਾਨ 'ਚ ਇਮਰਾਨ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੇ ਟੀਚੇ ਨਾਲ ਮਾਰਚ ਕੱਢਣ ਦਾ ਐਲਾਨ ਕਰਨ ਵਾਲੇ ਦਲ ਜਲੀਅਤੇ ਓਲੇਮਾਏ ਇਸਲਾਮੀ ਫਜ਼ਲ (ਜੇ. ਯੂ. ਆਈ.-ਐੱਫ) ਨੇ ਇਸ ਮਾਰਚ 'ਚ ਔਰਤਾਂ ਦੇ ਸ਼ਾਮਲ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ। ਜੇ. ਯੂ. ਆਈ.-ਐੱਫ ਨੇ 27 ਅਕਤੂਬਰ ਨੂੰ ਇਸਲਾਮਾਬਾਦ ਤੱਕ 'ਆਜ਼ਾਦੀ ਮਾਰਚ' ਕੱਢਣ ਦਾ ਐਲਾਨ ਕੀਤਾ ਹੈ।

ਪਾਕਿਸਤਾਨ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਸੂਤਰਾਂ ਨੇ ਦੱਸਿਆ ਕਿ ਜੇ. ਯੂ. ਆਈ.-ਐੱਫ ਦੇ ਪ੍ਰਮੁੱਖ ਮੌਲਾਨਾ ਫਜ਼ਲੁਰਰਹਿਮਾਨ ਨੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੂੰ ਇਕ ਚਿੱਠੀ ਲਿੱਖ ਕੇ ਆਖਿਆ ਹੈ ਕਿ ਉਨ੍ਹਾਂ ਦੇ ਇਸ ਮਾਰਚ ਅਤੇ ਇਸਲਾਮਾਬਾਦ 'ਚ ਦਿੱਤੇ ਜਾਣ ਵਾਲੇ ਧਰਨੇ 'ਚ ਔਰਤਾਂ ਨੂੰ ਸ਼ਾਮਲ ਨਾ ਹੋਣ ਦਿੱਤਾ ਜਾਵੇ। ਚਿੱਠੀ 'ਚ ਆਖਿਆ ਗਿਆ ਹੈ ਕਿ ਜੇਕਰ ਤੁਸੀਂ ਲੋਕ (ਮੁਸਲਿਮ ਲੀਗ ਨਵਾਜ਼) ਪ੍ਰਦਰਸ਼ਨ 'ਚ ਸ਼ਾਮਲ ਹੋਣ ਜਾ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਨਾਲ ਔਰਤਾਂ ਨੂੰ ਨਾ ਲਿਆਓ।

ਮੌਲਾਨਾ ਫਜ਼ਲੁਰਰਹਿਮਾਨ ਨੇ ਮਸੁਲਿਮ ਲੀਗ ਨਵਾਜ਼ ਨੂੰ ਭੇਜੀ ਚਿੱਠੀ 'ਚ ਇਹ ਵੀ ਆਖਿਆ ਕਿ ਆਜ਼ਾਦੀ ਮਾਰਚ ਦੇ ਸਿਲਸਿਲੇ 'ਚ ਜੇਕਰ ਕੋਈ ਪ੍ਰਤੀਨਿਧੀ ਮੰਡਲ ਕਿਤੇ ਭੇਜੇ ਤਾਂ ਇਸ 'ਚ ਵੀ ਔਰਤਾਂ ਨੂੰ ਸ਼ਾਮਲ ਨਾ ਕੀਤਾ ਜਾਵੇ। ਮੀਡੀਆ ਰਿਪੋਰਟ 'ਚ ਆਖਿਆ ਗਿਆ ਹੈ ਕਿ ਮੌਲਾਨਾ ਦੀ ਚਿੱਠੀ ਤੋਂ ਬਾਅਦ ਮੁਸਲਿਮ ਲੀਗ ਨਵਾਜ਼ ਨੇ ਪਾਰਟੀ ਦੀਆਂ ਮਹਿਲਾ ਮੈਂਬਰਾਂ ਨੂੰ ਮਾਰਚ ਤੋਂ ਦੂਰ ਰਹਿਣ ਲਈ ਆਖਿਆ ਹੈ। ਇਸ ਤੋਂ ਪਹਿਲਾਂ ਮੌਲਾਨਾ ਨੇ ਆਖਿਆ ਸੀ ਕਿ ਜੇਕਰ ਉਨ੍ਹਾਂ ਦਾ ਮਾਰਚ ਰੋਕਿਆ ਗਿਆ ਤਾਂ ਫਿਰ ਪੂਰਾ ਦੇਸ਼ ਉਨ੍ਹਾਂ ਦੇ ਲਈ ਜੰਗ ਦਾ ਅਖਾੜਾ ਬਣ ਜਾਵੇਗਾ। ਉਹ ਲੋਕ ਕਿਸੇ ਇਕ ਥਾਂ ਜਾਂ ਰਣਨੀਤੀ 'ਤੇ ਨਹੀਂ ਟਿਕਣਗੇ ਬਲਕਿ ਇਸ ਨੂੰ ਬਦਲਦੇ ਰਹਿਣਗੇ।


Khushdeep Jassi

Content Editor

Related News