ਅਫਗਾਨਿਸਤਾਨ ’ਚ ਸ਼ਾਂਤੀ ’ਚ ਅਹਿਮ ਭੂਮਿਕਾ ਨਿਭਾਏਗਾ ਪਾਕਿ : ਜਨਰਲ ਬਾਜਵਾ
Sunday, Aug 22, 2021 - 12:54 PM (IST)
ਇਸਲਾਮਾਬਾਦ (ਏ. ਐੱਨ. ਆਈ.)- ਬਲੂਚ ਵਿਦਰੋਹੀਆਂ ਦੇ ਹਮਲਿਆਂ ਅਤੇ ਤਾਲਿਬਾਨ ’ਤੇ ਨਕੇਲ ਕੱਸਣ ਲਈ ਦੁਨੀਆਭਰ ਤੋਂ ਵਧਦੇ ਦਬਾਅ ਵਿਚਾਲੇ ਪਹਿਲੀ ਵਾਰ ਪਾਕਿਸਤਾਨੀ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੇ ਤਾਲਿਬਾਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਜਨਰਲ ਬਾਜਵਾ ਨੇ ਕਿਹਾ ਕਿ ਤਾਲਿਬਾਨੀ ਔਰਤਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਗਲੋਬਲ ਭਾਈਚਾਰੇ ਤੋਂ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ। ਨਾਲ ਹੀ ਆਪਣੀ ਜ਼ਮੀਨ ਦੀ ਵਰਤੋਂ ਕਿਸੇ ਦੂਸਰੇ ਦੇ ਖ਼ਿਲਾਫ਼ ਨਾ ਕਰਨ ਦੇਣ।
ਬਾਜਵਾ ਨੇ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਵਿਚ ਅਤੇ ਖੇਤਰ ਵਿਚ ਸ਼ਾਂਤੀ ਚਾਹੁੰਦਾ ਹੈ ਅਤੇ ਇਸੇ ਕਾਰਨ ਉਸਨੇ ਗੁਆਂਢੀ ਦੇਸ਼ ਵਿਚ ਕਈ ਦਹਾਕਿਆਂ ਤੋਂ ਚਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਗੰਭੀਰ ਕੋਸ਼ਿਸ਼ ਕੀਤੇ ਹਨ।ਉਨ੍ਹਾਂ ਨੇ ਕਿਹਾ ਕਿ ਅਸੀਂ ਗਲੋਬਲ ਭਾਈਚਾਰੇ ਤੋਂ ਸਪਸ਼ਟ ਤੌਰ ’ਤੇ ਅਤੇ ਵਾਰ-ਵਾਰ ਕਿਹਾ ਹੈ ਕਿ ਉਹ ਅਫਗਾਨ ਪ੍ਰਕਿਰਿਆ ਵਿਚ ਬਿਨਾਂ ਕਿਸੇ ਪੱਖਪਾਤ ਦੇ ਅਤੇ ਤਾਲਮੇਲ ਤਰੀਕੇ ਨਾਲ ਆਪਣੀ ਭੂਮਿਕਾ ਨਿਭਾਏ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅੱਗੇ ਵੀ ਅਫਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਵਿਚ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ।
ਜਨਰਲ ਬਾਜਵਾ ਨੇ ਭਾਰਤ ’ਤੇ ਸਾਧਿਆ ਨਿਸ਼ਾਨਾ
ਉਨ੍ਹਾਂ ਨੇ ਭਾਰਤ ਵਲੋਂ ਇਸ਼ਾਰਾ ਕਰਦੇ ਹੋਏ ਕਿਹਾ ਕਿ ਹਾਈਬ੍ਰਿਡ ਜੰਗ ਰਾਹੀਂ ਸਾਡੇ ਸਮਾਜ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਜਵਾ ਨੇ ਕਿਹਾ ਕਿ ਸਾਡੇ ਗੁਆਂਢ ਵਿਚ ਕੱਟੜਪੰਥ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਇਸ ਨਾਲ ਨਜਿੱਠਣ ਵਿਚ ਸਮਰੱਥ ਹੈ।