ਪਾਕਿ: ਤਾਲੀਬਾਨੀ ਸੰਗਠਨ ਨੇ ਉੱਚਾ ਸੰਗੀਤ ਤੇ ਔਰਤਾਂ ਦੇ ਇਕੱਲੇ ਘੁੰਮਣ ਖਿਲਾਫ ਦਿੱਤੀ ਧਮਕੀ

08/01/2019 5:20:53 PM

ਇਸਲਾਮਾਬਾਦ— ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਲੋਕਾਂ ਨੂੰ ਉੱਚਾ ਸੰਗੀਤ ਵਜਾਉਣ, ਪੋਲੀਓ ਟੀਕਾਕਰਨ ਤੇ ਔਰਤਾਂ ਨੂੰ ਬਿਨਾਂ ਕਿਸੇ ਆਦਮੀ ਦੇ ਸਾਥ ਦੇ ਬਾਹਰ ਜਾਣ ਖਿਲਾਫ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਇਹ ਵੀ ਧਮਕੀ ਦਿੱਤੀ ਕਿ ਇਸ ਦਾ ਉਲੰਘਣ ਕਰਨ 'ਤੇ ਨਤੀਜੇ ਭੁਗਤਣੇ ਪੈਣਗੇ।

ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਦੇ ਕਬਾਇਲੀ ਜ਼ਿਲ੍ਹੇ ਦੇ ਮੁੱਖ ਦਫ਼ਤਰ ਮਿਰਮਸ਼ਾਹ 'ਚ ਬੁੱਧਵਾਰ ਨੂੰ ਉਰਦੂ 'ਚ ਦਿੱਤੇ ਇਕ ਪੇਜ ਦੇ ਸੰਦੇਸ਼ 'ਚ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਗਿਆ ਕਿ“ਅਸੀਂ ਤੁਹਾਨੂੰ (ਵਸਨੀਕਾਂ) ਨੂੰ ਯਾਦ ਦਿਵਾਉਂਦੇ ਹਾਂ ਕਿ ਬੀਤੇ ਸਮੇਂ ਤਾਲਿਬਾਨ ਵੱਲੋਂ ਕਈ ਵਾਰ ਅਜਿਹੇ ਬਿਆਨ ਜਾਰੀ ਕੀਤੇ ਗਏ ਪਰ ਤੁਸੀਂ ਬਹਿਰੇ ਬਣੇ ਰਹੇ ਪਰ ਇਸ ਵਾਰ ਅਸੀਂ ਉਨ੍ਹਾਂ ਖਿਲਾਫ ਸਖਤੀ ਨਾਲ ਕੰਮ ਕਰਾਂਗੇ ਜਿਹੜੇ ਤਾਲਿਬਾਨ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ। ਸੰਦੇਸ਼ 'ਚ ਕਿਹਾ ਗਿਆ ਕਿ ਔਰਤਾਂ ਨੂੰ ਆਪਣੇ ਘਰਾਂ ਤੋਂ ਬਾਹਰ ਇਕੱਲੇ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਸਾਡੇ ਸਮਾਜ ਲਈ ਨੁਕਸਾਨਦੇਹ ਹੈ। ਹਰ ਤਿੰਨ ਲੋਕਾਂ 'ਚ ਇਕ ਮੁਜਾਹਿਦੀਨ ਦਾ ਇਕ ਮੁਖਬਰ ਹੈ ਤੇ ਇਹ ਮੰਨਣਾ ਲੋਕਾਂ ਨੂੰ ਭੁਲੇਖਾ ਹੈ ਕਿ ਸਾਨੂੰ ਉਨ੍ਹਾਂ ਦੇ ਉਲੰਘਣ ਦੀ ਜਾਣਕਾਰੀ ਨਹੀਂ ਮਿਲੇਗੀ। ਹੁਕਮਾਂ ਦਾ ਪਾਲਣ ਕਰੋ ਜਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਬਿਆਨ 'ਚ ਅੱਗੇ ਕਿਹਾ ਗਿਆ ਕਿ ਇਥੇ ਡੀ.ਜੇ. ਦੀ ਕੋਈ ਵਰਤੋਂ ਨਹੀਂ ਹੋਵੇਗੀ, ਨਾ ਤਾਂ ਘਰ ਦੇ ਅੰਦਰ ਤੇ ਨਾ ਹੀ ਖੁੱਲ੍ਹੇ ਮੈਦਾਨਾਂ 'ਚ। ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਨ ਵਾਲੇ ਖੁਦ ਜ਼ਿੰਮੇਦਾਰ ਹੋਣਗੇ।

ਪੋਲੀਓ ਕਰਮਚਾਰੀਆਂ ਨੂੰ ਟੀਕਾਕਰਨ ਮੁਹਿੰਮ ਦੌਰਾਨ ਬੱਚਿਆਂ ਦੀ ਦੀ ਉਂਗਲ 'ਤੇ ਮਾਰਕਿੰਗ ਕਰਨ ਲਈ ਕਿਹਾ ਗਿਆ ਹੈ, ਪਰ ਬੱਚਿਆਂ ਨੂੰ ਪੋਲੀਓ ਬੂੰਦਾਂ ਨਾ ਪਿਲਾਈਆਂ ਜਾਣ ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਸੰਦੇਸ਼ 'ਚ ਕੰਪਿਊਟਰ ਤੇ ਹੋਰਨਾਂ ਦੁਕਾਨਾਂ 'ਤੇ ਉੱਚੀ ਆਵਾਜ਼ 'ਚ ਸੰਗੀਤ ਵਜਾਉਣ ਦੀ ਮਨਾਹੀ ਵੀ ਕੀਤੀ ਗਈ ਤੇ ਨਾਲ ਹੀ ਧਮਕੀ ਦਿੱਤੀ ਗਈ ਕਿ ਉਲੰਘਣ 'ਤੇ ਕਿਸੇ ਵੀ ਵੇਲੇ ਉਸ ਥਾਂ ਨੂੰ ਧਮਾਕੇ ਨਾਲ ਉਡਾਇਆ ਜਾ ਸਕਦਾ ਹੈ।


Baljit Singh

Content Editor

Related News