ਚਮਨ ਸਰਹੱਦ ’ਤੇ ਪਾਕਿਸਤਾਨ ਸੁਰੱਖਿਆ ਫੋਰਸ ਤੇ ਅਫਗਾਨ ਫੌਜੀਆਂ ਵਿਚਾਲੇ ਝੜਪ
Saturday, Aug 14, 2021 - 04:52 PM (IST)
ਕਰਾਚੀ– ਪਾਕਿਸਤਾਨ ’ਚ ਦਾਖਲ ਹੋਣ ਲਈ ਚਮਨ ਸਰਹੱਦ ’ਤੇ ਮੌਜੂਦ ਸੈਂਕੜੇ ਅਫਗਾਨਾਂ ਦੀ ਪਾਕਿਸਤਾਨ ਦੀ ਸੁਰੱਖਿਆ ਫੋਰਸ ਨਾਲ ਝੜਪ ਦੀ ਖਬਰ ਹੈ। ਅਫਗਾਨਿਸਤਾਨ ਤੋਂ ਬਲੂਚਿਸਤਾਨ ’ਚ ਆਉਣ ਦੇ ਇਸ ਅਹਿਮ ਰਸਤੇ ਨੂੰ ਤਾਲਿਬਾਨ ਨੇ ਬੰਦ ਕਰ ਦਿੱਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸੈਂਕੜਿਆਂ ਦੀ ਗਿਣਤੀ ’ਚ ਅਫਗਾਨ ਚਮਨ ਸਰਹੱਦ ’ਤੇ ਜਮ੍ਹਾ ਹਨ ਅਤੇ ਪਾਕਿਸਤਾਨ ’ਚ ਦਾਖਲ ਹੋਣਾ ਚਾਹੁੰਦੇ ਹਨ ਪਰ ਸਪਿਨ ਬੋਲਦਕ ਇਲਾਕੇ ’ਤੇ ਕਬਜ਼ਾ ਕਰ ਚੁੱਕਾ ਤਾਲਿਬਾਨ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਉਨ੍ਹਾਂ ਦੀਆਂ ਕੁਝ ਮੰਗਾਂ ਨੂੰ ਮੰਨੇ ਜਾਣ ਤਕ ਇਨ੍ਹਾਂ ਅਫਗਾਨਾਂ ਨੂੰ ਸਰਹੱਦ ਪਾਰ ਕਰਨ ਨਹੀਂ ਦੇ ਰਿਹਾ।
ਤਾਲਿਬਾਨ ਲੜਾਕਿਆਂ ਨੇ ਪਿਛਲੇ ਹਫਤੇ ਤੋਂ ਹੀ ਚਮਨ-ਸਪਿਨ ਬੋਲਦਕ ਰਸਤੇ ਨੂੰ ਬੰਦ ਕਰ ਦਿੱਤਾ ਹੈ ਅਤੇ ਉਹ ਪਾਕਿਸਤਾਨੀ ਅਧਿਕਾਰੀਆਂ ਨੂੰ ਅਫਗਾਨ ਨਾਗਰਿਕਾਂ ਨੂੰ ਬਿਨਾਂ ਵਿਜ਼ਾ ਯਾਤਰਾ ਦੀ ਮਨਜ਼ੂਰੀ ਦੇਣ ਦੀ ਮੰਗ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਤਾਲਿਬਾਨ ਚਾਹੁੰਦੇ ਹੈ ਕਿ ਪਾਕਿਸਤਾਨੀ ਅਧਿਕਾਰੀ ਉਨ੍ਹਾਂ ਅਫਗਾਨਿਸਤਾਨੀਆਂ ਨੂੰ ਸਰਹੱਦ ਪਾਰ ਕਰਨ ਦੀ ਮਨਜ਼ੂਰੀ ਦੇਵੇ ਜਿਨ੍ਹਾਂ ਕੋਲ ਅਫਗਾਨ ਪਛਾਣ ਪੱਤਰ ਜਾਂ ਪਾਕਿਸਤਾਨ ਦੁਆਰਾ ਜਾਰੀ ਸ਼ਰਨਾਰਥੀ ਪੰਜੀਕਰਨ ਕਾਰਡ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰ ਕਰਨ ਦਾ ਰਸਤਾ ਬੰਦ ਹੋਣ ਕਾਰਨ ਸੈਂਕੜਿਆਂ ਦੀ ਗਿਣਤੀ ’ਚ ਅਫਗਾਨ ਉਥੇ ਜਮ੍ਹਾ ਹੋ ਗਏ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਫੋਰਸ ਨਾਲ ਬਹਿਸ ਅਤੇ ਝੜਪ ਹੋ ਰਹੀ ਹੈ।