ਕਤਲ ਕੇਸ ''ਚ ਪਾਕਿ ਸੁਪਰੀਮ ਕੋਰਟ ਨੇ ਔਰਤ ਸਮੇਤ ਤਿੰਨ ਦੋਸ਼ੀਆਂ ਨੂੰ ਕੀਤਾ ਬਰੀ

04/04/2018 9:51:51 AM

ਕਰਾਚੀ (ਬਿਊਰੋ)—  ਪਾਕਿਸਤਾਨ ਵਿਚ 20 ਸਾਲ ਪੁਰਾਣੇ ਟ੍ਰਿਪਲ ਹੱਤਿਆਕਾਂਡ ਕੇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਕੱਲ ਆਪਣਾ ਫੈਸਲਾ ਸੁਣਾ ਦਿੱਤਾ। ਕੋਰਟ ਨੇ ਇਸ ਮਾਮਲੇ ਵਿਚ ਇਕ ਔਰਤ ਅਤੇ ਦੋ ਹੋਰ ਨੂੰ ਵੱਡੀ ਰਾਹਤ ਦਿੰਦਿਆਂ ਤਿੰਨਾਂ ਨੂੰ ਬਰੀ ਕਰ ਦਿੱਤਾ ਹੈ। ਸਾਲ 1998 ਵਿਚ ਆਸਮਾ ਨਵਾਬ 'ਤੇ ਲਵ ਮੈਰਿਜ ਕਾਰਨ ਆਪਣੇ ਪਰਿਵਾਰ ਅਤੇ ਭਰਾ ਦੀ ਹੱਤਿਆ ਦਾ ਦੋਸ਼ ਲੱਗਾ ਸੀ। ਜਿਸ ਮਗਰੋਂ ਸਾਲ 1999 ਵਿਚ ਸੈਸ਼ਨ ਕੋਰਟ ਨੇ ਆਸਮਾ, ਫਰਹਾਨ ਖਾਨ ਅਤੇ ਜਾਵੇਦ ਅਹਿਮਦ ਨੂੰ ਡਬਲ ਡੈਥ ਦੀ ਸਜ਼ਾ ਸੁਣਾਈ ਸੀ। ਸਜ਼ਾ ਤੋਂ ਰਾਹਤ ਲਈ ਤਿੰਨੇਂ ਦੋਸ਼ੀਆਂ ਨੇ ਸਾਲ 2015 ਵਿਚ ਸਿੰਧ ਹਾਈਕੋਰਟ ਵਿਚ ਅਪੀਲ ਕੀਤੀ ਪਰ ਅਦਾਲਤ ਨੇ ਇਸ ਅਪੀਲ ਨੂੰ ਰੱਦ ਕਰ ਦਿੱਤਾ। ਮਾਮਲਾ ਸੁਪਰੀਮ ਕੋਰਟ ਪਹੁੰਚਣ ਮਗਰੋਂ ਇਸ 'ਤੇ ਸੁਣਵਾਈ ਦੁਬਾਰਾ ਸ਼ੁਰੂ ਹੋਈ। ਇਕ ਸਮਾਚਾਰ ਏਜੰਸੀ ਮੁਤਾਬਕ ਸੁਪਰੀਮ ਕੋਰਟ ਵਿਚ ਜਸਟਿਸ ਆਸਿਫ ਸਈਦ ਖੋਸਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅਪੀਲ ਸਵੀਕਾਰ ਕੀਤੀ ਅਤੇ ਸਜ਼ਾ ਨੂੰ ਰੱਦ ਕਰਦਿਆਂ ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਦਿੱਤੇ। ਅਦਾਲਤ ਨੇ ਮੰਨਿਆ ਕਿ ਸ਼ੱਕੀਆਂ ਵਿਰੁੱਧ ਕੋਈ ਠੋਸ ਸਬੂਤ ਨਹੀਂ ਹੈ। ਨਾਲ ਹੀ ਪਹਿਲਾਂ ਪੇਸ਼ ਕੀਤੇ ਗਏ ਸਬੂਤਾਂ ਵਿਚ ਕਈ ਕਮੀਆਂ ਵੀ ਸਨ। ਕੋਰਟ ਨੇ ਇਹ ਵੀ ਕਿਹਾ ਕਿ ਮੌਕੇ ਤੋਂ ਬਰਾਮਦ ਕੀਤੇ ਗਏ ਹਥਿਆਰ ਦਾ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ। ਫਰਹਾਨ ਦੀ ਗ੍ਰਿਫਤਾਰੀ ਦੇ ਦੋ ਦਿਨ ਬਾਅਦ ਉਸ ਦੀਆਂ ਉਂਗਲਾਂ ਦੇ ਨਿਸ਼ਾਨ ਲਏ ਗਏ। ਸਰਕਾਰੀ ਵਕੀਲ ਇਸ ਗੱਲ ਨੂੰ ਸਾਬਤ ਕਰਨ ਵਿਚ ਅਸਫਲ ਰਿਹਾ ਹੈ ਕਿ ਹਥਿਆਰ 'ਤੇ ਪਾਏ ਗਏ ਨਿਸ਼ਾਨ ਫਰਹਾਨ ਦੇ ਹੀ ਹਨ। ਜਸਟਿਸ ਖੋਸਾ ਨੇ ਕਿਹਾ ਕਿ ਪੁਲਸ ਨੇ ਸ਼ੱਕੀਆਂ ਨੂੰ ਗ੍ਰਿਫਤਾਰ ਤਾਂ ਕੀਤਾ ਪਰ ਉਹ ਉਨ੍ਹਾਂ ਵਿਰੁੱਧ ਸਬੂਤ ਪੇਸ਼ ਕਰਨ ਵਿਚ ਅਸਫਲ ਰਹੀ। ਇਸ ਲਈ ਸਬੂਤਾਂ ਦੀ ਕਮੀ ਵਿਚ ਸ਼ੱਕੀਆਂ ਨੂੰ ਰਿਹਾਅ ਕੀਤਾ ਜਾਂਦਾ ਹੈ।


Related News