ਅਫਗਾਨਿਸਤਾਨ ’ਚ ਯੁੱਧ ਲਈ ਪਾਕਿਸਤਾਨ ਜ਼ਿੰਮੇਵਾਰ : ਪਸ਼ਤੂਨ ਨੇਤਾ

Friday, Aug 06, 2021 - 02:15 PM (IST)

ਅਫਗਾਨਿਸਤਾਨ ’ਚ ਯੁੱਧ ਲਈ ਪਾਕਿਸਤਾਨ ਜ਼ਿੰਮੇਵਾਰ : ਪਸ਼ਤੂਨ ਨੇਤਾ

ਕਾਬੁਲ (ਬਿਊਰੋ)– ਪਸ਼ਤੂਨ ਨੇਤਾ ਮਹਿਮੂਦ ਖ਼ਾਨ ਅਚਕਜ਼ਈ ਨੇ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੂੰ ਅਫਗਾਨਿਸਤਾਨ ’ਚ ਯੁੱਧ ਲਈ ਆਪਣੇ ਸਮਰਥਨ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਸ ਦੇਸ਼ ’ਚ ਸ਼ਾਂਤੀ ਖੇਤਰੀ ਸਥਿਰਤਾ ਲਈ ਮਹੱਤਵਪੂਰਨ ਹੈ। ਦਿ ਅਫਗਾਨਿਸਤਾਨ ਟਾਈਮਜ਼ ਮੁਤਾਬਕ ਪਾਕਿਸਤਾਨ ਦੀ ਅਵਾਮੀ ਨੈਸ਼ਨਲ ਪਾਰਟੀ ਦੇ ਨੇਤਾ ਅਚਕਜ਼ਈ ਨੇ ਹਾਲ ਹੀ ’ਚ ਕਿਹਾ ਸੀ ਕਿ ਦੁਨੀਆ ਨੂੰ ਅਫਗਾਨਿਸਤਾਨ ਦੀ ਆਜ਼ਾਦੀ ਦਾ ਸਨਮਾਨ ਕਰਨਾ ਚਾਹੀਦਾ ਹੈ।

ਮਹਿਮੂਦ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਕਾਰਵਾਈ ਨਾ ਕੀਤੀ ਤਾਂ ਅਫਗਾਨਿਸਤਾਨ ’ਚ ਯੁੱਧ ਜਲਦ ਹੀ ਇਸਲਾਮਾਬਾਦ ਪਹੁੰਚ ਜਾਵੇਗਾ। ਅਚਕਜ਼ਈ ਨੇ ਕਿਹਾ, ‘ਅਫਗਾਨਿਸਤਾਨ ਦੇ ਉੱਪਰ ਇਕ ਝੰਡਾ ਲਹਿਰਾਉਣ ਦੀ ਜ਼ਰੂਰਤ ਹੈ ਤੇ ਦੁਨੀਆ ਨੂੰ ਅਫਗਾਨਿਸਤਾਨ ਦੀ ਆਜ਼ਾਦੀ ਦਾ ਸਨਮਾਨ ਕਰਨਾ ਚਾਹੀਦਾ ਹੈ।’ ਅਫਗਾਨਿਸਤਾਨ ਤੋਂ ਵਿਦੇਸ਼ੀ ਫੌਜੀਆਂ ਦੀ ਵਾਪਸੀ ਨਾਲ ਤਾਲਿਬਾਨ ਨੇ ਨਾਗਰਿਕਾਂ ਤੇ ਅਫਗਾਨ ਸੁਰੱਖਿਆ ਬਲਾਂ ਖ਼ਿਲਾਫ਼ ਆਪਣਾ ਹਮਲਾ ਤੇਜ਼ ਕਰ ਦਿੱਤਾ ਹੈ। ਪਿਛਲੇ ਕੁਝ ਹਫਤਿਆਂ ’ਚ ਤਾਲਿਬਾਨ ਨੇ ਦੇਸ਼ ਦੇ ਪੂਰਬ-ਉੱਤਰੀ ਤਖਰ ਸਮੇਤ ਅਫਗਾਨਿਸਤਾਨ ਦੇ ਕਈ ਮੁੱਖ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ।

ਅਫਗਾਨ ਅਧਿਕਾਰੀਆਂ ਨੇ ਇਸਲਾਮਾਬਾਦ ’ਤੇ ਤਾਲਿਬਾਨ ਨੂੰ ਹਵਾਈ ਮਦਦ ਮੁਹੱਈਆ ਕਰਵਾਉਣ ਦਾ ਦੋਸ਼ ਲਗਾਇਆ ਹੈ। ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਫਗਾਨ ਫੌਜ ਮੁਖੀ ਸਪਿਨ ਬੋਲਡਕ ਸਰਹੱਦੀ ਖੇਤਰ ਨੂੰ ਮੁੜ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜਵਾਬੀ ਕਾਰਵਾਈ ਕਰੇਗਾ।

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਵੱਖ-ਵੱਖ ਦੇਸ਼ਾਂ ਦੇ ਅੱਤਵਾਦੀ ਤੇ ਅੱਤਵਾਦੀ ਸਮੂਹ ਅਫਗਾਨਿਸਤਾਨ ’ਚ ਸਰਗਰਮ ਹਨ।

ਯੂ. ਐੱਨ. ਐਨਾਲਿਟੀਕਲ ਸਪੋਰਟ ਐਂਡ ਸੈਂਕਸ਼ਨਜ਼ ਮਾਨਿਟਰਿੰਗ ਟੀਮ ਦੀ 28ਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਤਾਲਿਬਾਨ ਨਾਲ ਸਬੰਧ ਬਣਾਏ ਰੱਖੇ ਹਨ ਕਿਉਂਕਿ ਉਸ ਦੇ ਲਗਭਗ 6000 ਅੱਤਵਾਦੀ ਸਰਹੱਦ ਦੇ ਅਫਗਾਨ ਹਿੱਸੇ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News