ਅਮਰੀਕਾ ਦੀ ਪਾਕਿ ਨੂੰ ਨਸੀਹਤ, ਭਾਰਤ ਨਾਲ ਗੱਲਬਾਤ ਤੋਂ ਪਹਿਲਾਂ ਅੱਤਵਾਦੀਆਂ ''ਤੇ ਕੱਸੋ ਸ਼ਿਕੰਜਾ

02/22/2020 2:37:03 PM

ਵਾਸ਼ਿੰਗਟਨ- ਆਪਣੇ ਭਾਰਤ ਦੌਰੇ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਦੇ ਇਸ ਦੌਰੇ ਤੋਂ ਠੀਕ ਪਹਿਲਾਂ ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਜ਼ੋਰ ਦਿੰਦੇ ਹੋਏ ਕਿਹਾ ਕਿ ਦੋਵਾਂ ਗੁਆਂਢੀਆਂ ਦੇ ਵਿਚਾਲੇ ਕੋਈ ਗੱਲਬਾਤ ਤਾਂ ਹੀ ਸਫਲ ਹੋਵੇਗੀ, ਜਦੋਂ ਪਾਕਿਸਤਾਨ ਆਪਣੀ ਜ਼ਮੀਨ 'ਤੇ ਅੱਤਵਾਦੀਆਂ ਤੇ ਕੱਟੜਪੰਥੀਆਂ ਦੇ ਖਿਲਾਫ ਸ਼ਿਕੰਜਾ ਕੱਸੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧ ਗਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੇ ਨਾਲ ਆਪਣੇ ਡਿਪਲੋਮੈਟਿਕ ਸਬੰਧਾਂ ਨੂੰ ਘੱਟ ਕਰ ਦਿੱਤਾ ਤੇ ਭਾਰਤੀ ਦੂਤ ਨੂੰ ਪਾਕਿਸਤਾਨ ਤੋਂ ਵਾਪਸ ਭੇਜ ਦਿੱਤਾ। ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਤੋਂ ਜਦੋਂ ਸਵਾਲ ਕੀਤਾ ਗਿਆ ਕਿ ਕੀ ਟਰੰਪ ਆਪਣੀ ਆਉਣ ਵਾਲੀ ਯਾਤਰਾ ਦੌਰਾਨ ਕਸ਼ਮੀਰ ਮੁੱਦੇ 'ਤੇ ਮੁੜ ਵਿਚੋਲਗੀ ਦੀ ਪੇਸ਼ਕਸ਼ ਕਰਨਗੇ ਤਾਂ ਇਸ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਘੱਟ ਕਰਨ ਲਈ ਦੋਵਾਂ ਦੇਸ਼ਾਂ ਨੂੰ ਇਕ-ਦੂਜੇ ਨਾਲ ਦੋ-ਪੱਖੀ ਗੱਲਬਾਤ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਨ।

ਟਰੰਪ ਨੇ ਦਿੱਤਾ ਸੀ ਵਿਚੋਲਗੀ ਦਾ ਪ੍ਰਸਤਾਵ
ਦੱਸ ਦਈਏ ਕਿ ਟਰੰਪ ਨੇ ਪਿਛਲੇ ਮਹੀਨੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਵਿਵਾਦ ਨੂੰ ਸੁਲਝਾਉਣ ਵਿਚ ਮਦਦ ਕਰਨ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਸੀ ਕਿ ਅਮਰੀਕਾ, ਕਸ਼ਮੀਰ 'ਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਹੋਏ ਘਟਨਾਕ੍ਰਮ ਨੂੰ ਬਹੁਤ ਨੇੜੇਓਂ ਦੇਖ ਰਿਹਾ ਸੀ। ਟਰੰਪ ਨੇ ਪਿਛਲੇ ਦਿਨੀਂ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ ਪਰ ਭਾਰਤ ਨੇ ਅਮਰੀਕਾ ਨੂੰ ਇਹ ਸਾਫ ਕਰ ਦਿੱਤਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਹ ਇਕ ਦੋ-ਪੱਖੀ ਮਾਮਲਾ ਹੈ ਤੇ ਕਿਸੇ ਵੀ ਤੀਜੇ ਪੱਖ ਦੀ ਵਿਚੋਲਗੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਵਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਦੇ ਵਿਚਾਲੇ ਕਿਸੇ ਵੀ ਸਫਲ ਗੱਲਬਾਤ ਦੇ ਮੂਲ ਆਧਾਰ 'ਤੇ ਆਪਣਾ ਵਿਸ਼ਵਾਸ ਜਾਰੀ ਰੱਖਣਾ ਚਾਹੁੰਦੇ ਹਾਂ ਪਰ ਗੱਲਬਾਤ ਪਾਕਿਸਤਾਨ ਵਲੋਂ ਆਪਣੇ ਇਲਾਕੇ ਵਿਚ ਅੱਤਵਾਦੀਆਂ ਤੇ ਕੱਟੜਪੰਥੀਆਂ 'ਤੇ ਸ਼ਿੰਕਜਾ ਕੱਸਣ 'ਤੇ ਆਧਾਰਿਤ ਹੈ।

ਐਫ.ਏ.ਟੀ.ਐਫ. ਦੀ ਗ੍ਰੇ ਲਿਸਟ ਵਿਚ ਪਾਕਿਸਤਾਨ ਬਰਕਰਾਰ
ਵਾਈਟ ਹਾਊਸ ਵਲੋਂ ਇਹ ਟਿੱਪਣੀ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਵਲੋਂ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਚਾਰ ਮਹੀਨੇ ਹੋਰ ਬਣਾਏ ਰੱਖਣ ਫੈਸਲਾ ਲਿਆ ਗਿਆ ਤੇ ਇਸ ਦੇ ਨਾਲ ਹੀ ਉਸ ਨੂੰ ਐਂਟੀ-ਟੈਰਰ ਫਾਈਨੈਂਸ਼ੀਅਲ ਵਾਚਡਾਗ ਦੀ ਸਖਤ ਚਿਤਾਵਨੀ ਵੀ ਮਿਲੀ ਹੈ। ਪਾਕਿਸਤਾਨ ਨੂੰ ਅੱਤਵਾਦੀਆਂ ਖਿਲਾਫ ਕਾਰਵਾਈ ਲਈ ਸਿਰਫ ਚਾਰ ਮਹੀਨਿਆਂ ਦਾ ਸਮਾਂ ਮਿਲਿਆ ਹੈ। ਜੇਕਰ ਪਾਕਿਸਤਾਨ ਨੇ ਜੂਨ 2020 ਤੱਕ ਅੱਤਵਾਦੀਆਂ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਤਾਂ ਉਸ ਨੂੰ ਐਫ.ਏ.ਟੀ.ਐਫ. ਵਲੋਂ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਅਮਰੀਕਾ ਦੇ ਵਾਈਟ ਹਾਊਸ ਵਲੋਂ ਕਿਹਾ ਗਿਆ ਹੈ ਕਿ ਸਾਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਦੋਵਾਂ ਦੇਸ਼ਾਂ ਨੂੰ ਕੰਟਰੋਲ ਲਾਈਨ 'ਤੇ ਸ਼ਾਂਤੀ ਤੇ ਸਥਿਰਤਾ ਬਣਾਏ ਰੱਖਣ ਤੇ ਅਜਿਹੇ ਕਦਮਾਂ ਜਾਂ ਬਿਆਨਾਂ ਤੋਂ ਪਰਹੇਜ਼ ਕਰਨ ਦੀ ਅਪੀਲ ਕਰਨਗੇ ਜੋ ਉਸ ਖੇਤਰ ਵਿਚ ਤਣਾਅ ਵਧਾ ਸਕਦੇ ਹਨ।


Baljit Singh

Content Editor

Related News