ਪਾਕਿ ਸਾਂਸਦ ਨੇ ਆਪਣੀ ਹੀ ਸਰਕਾਰ 'ਤੇ ਖੜ੍ਹੇ ਕੀਤੇ ਸਵਾਲ, ਬੋਲੇ-ਤਾਲਿਬਾਨਾਂ ਨੂੰ ਅਸੀਂ ਲਿਆਏ ਪਰ ਹੁਣ...
Saturday, Aug 05, 2023 - 01:45 PM (IST)
ਇੰਟਰਨੈਸ਼ਨਲ ਡੈਸਕ- ਦੱਖਣੀ ਵਜ਼ੀਰਿਸਤਾਨ ਤੋਂ ਸੰਸਦ ਮੈਂਬਰ ਅਲੀ ਵਜ਼ੀਰ ਨੇ ਵੀਰਵਾਰ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਆਪਣੀ ਹੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵੱਡੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਫ਼ਾਇਦੇ ਲਈ ਅਫਗਾਨਿਸਤਾਨ 'ਚ ਤਾਲਿਬਾਨ ਦੀ ਮੁੜ ਸਥਾਪਨਾ ਕੀਤੀ। ਪਰ ਅੱਜ ਉਹ ਸਾਡੇ ਲੋਕਾਂ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਏ ਹਨ। ਉਨ੍ਹਾਂ ਨੇ ਖੁਫੀਆ ਏਜੰਸੀਆਂ 'ਤੇ ਅਫਗਾਨਿਸਤਾਨ 'ਚ ਤਾਲਿਬਾਨ ਸਰਕਾਰ ਨੂੰ "ਸਥਾਪਿਤ" ਕਰਨ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਲੋਕਾਂ ਦੀ ਜਵਾਬਦੇਹੀ ਦੀ ਮੰਗ ਕੀਤੀ, ਜੋ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਨ੍ਹਾਂ ਤਾਲਿਬਾਨਾਂ ਨੂੰ ਵਾਪਸ ਪਾਕਿਸਤਾਨ ਲਿਆਏ ਸਨ।
ਨੈਸ਼ਨਲ ਅਸੈਂਬਲੀ 'ਚ ਬੋਲਦਿਆਂ ਅਲੀ ਵਜ਼ੀਰ ਨੇ ਕਿਹਾ ਕਿ ਇਹ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ ਕਿ ਪਹਿਲਾਂ ਤੁਸੀਂ ਤਾਲਿਬਾਨ ਨੂੰ ਲਿਆਏ, ਫਿਰ ਤੁਸੀਂ ਇਸ ਦਾ ਵਿਰੋਧ ਕਰੋ ਅਤੇ ਅੰਤ 'ਚ ਅਜਿਹੀਆਂ ਕਾਰਵਾਈਆਂ ਦੇ ਨਤੀਜੇ ਬੇਕਸੂਰ ਜਨਤਾ ਨੂੰ ਭੁਗਤਣ ਦਿਓ। ਉਨ੍ਹਾਂ ਕਿਹਾ ਕਿ ਇਹ 'ਡਾਲਰ' ਜੰਗ ਨੂੰ ਜਾਰੀ ਰੱਖਣ ਦੀ ਬਜਾਏ ਅਸਲੀਅਤ ਦੀ ਜਾਂਚ ਕਰਨ ਦਾ ਸਮਾਂ ਹੈ ਜਿਸ ਨੇ ਨਾ ਸਿਰਫ਼ ਦੇਸ਼ ਨੂੰ ਬਰਬਾਦ ਕੀਤਾ ਹੈ, ਸਗੋਂ ਪਾਕਿਸਤਾਨ ਦੇ ਲੋਕਾਂ ਨੂੰ ਵੀ ਅਸਫ਼ਲ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਜੌਰ ਆਤਮਘਾਤੀ ਬੰਬ ਧਮਾਕੇ (ਜੇਯੂਆਈ ਰੈਲੀ) ਦੀ ਜਾਂਚ ਅਫਗਾਨਿਸਤਾਨ 'ਚ ਤਾਲਿਬਾਨ ਨਾਲ ਸਬੰਧਾਂ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ।
ਇਹ ਯਾਦ ਦਿਵਾਉਂਦੇ ਹੋਏ ਕਿ ਪਾਕਿਸਤਾਨ ਦੇ ਅਤੀਤ 'ਚ ਕਿਸੇ ਵੀ ਅਫਗਾਨ ਸਰਕਾਰ ਨਾਲ ਚੰਗੇ ਸਬੰਧ ਨਹੀਂ ਰਹੇ ਹਨ। ਅਲੀ ਵਜ਼ੀਰ ਨੇ ਦਾਅਵਾ ਕੀਤਾ ਕਿ ਮੌਜੂਦਾ ਅਫਗਾਨ ਸਰਕਾਰ ਪਾਕਿ ਖੁਫੀਆ ਏਜੰਸੀਆਂ ਨੇ ਬਣਾਈ ਸੀ ਅਤੇ ਅੱਜ ਉਹੀ ਸਰਕਾਰ ਪਾਕਿਸਤਾਨ 'ਚ ਦਖਲਅੰਦਾਜ਼ੀ ਕਰ ਰਹੀ ਹੈ। ਅਲੀ ਵਜ਼ੀਰ ਨੇ ਆਖਰਕਾਰ ਪਾਕਿਸਤਾਨ 'ਚ ਹੋਰ ਤਾਲਿਬਾਨੀ ਕਾਰਵਾਈਆਂ ਦੀ ਚਿਤਾਵਨੀ ਦਿੱਤੀ, ਜਿਸ 'ਚ ਪਾਕਿਸਤਾਨ ਦੇ ਅੰਦਰ ਅਤੇ ਬਾਹਰ ਤੋਂ ਹਵਾਈ ਹਮਲੇ ਸ਼ਾਮਲ ਹਨ।
ਦੱਸ ਦਈਏ ਕਿ ਹਾਲ ਹੀ 'ਚ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅਸ਼ਾਂਤ ਕਬਾਇਲੀ ਜ਼ਿਲ੍ਹੇ 'ਚ ਇਕ ਕੱਟੜਪੰਥੀ ਇਸਲਾਮਿਕ ਸਿਆਸੀ ਪਾਰਟੀ ਦੇ ਇਕ ਸੰਮੇਲਨ 'ਚ ਆਤਮਘਾਤੀ ਹਮਲਾਵਰ ਨੇ ਧਮਾਕਾ ਕਰ ਦਿੱਤਾ ਸੀ, ਜਿਸ 'ਚ ਘੱਟੋ-ਘੱਟ 54 ਲੋਕਾਂ ਦੀ ਮੌਤ ਹੋ ਗਈ ਸੀ ਅਤੇ 150 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਇਹ ਧਮਾਕਾ ਬਾਜੌਰ ਕਬਾਇਲੀ ਜ਼ਿਲ੍ਹੇ ਦੇ ਖਾਰ ਵਿਖੇ ਜਮੀਅਤ ਉਲੇਮਾ-ਏ-ਇਸਲਾਮ-ਫ਼ਜ਼ਲ (ਜੇਯੂਆਈ-ਐੱਫ) ਦੇ ਇੱਕ ਵਰਕਰ ਸੰਮੇਲਨ 'ਚ ਹੋਇਆ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8