ਭਾਰਤ ਨਾਲ ਵਪਾਰ ਰੱਦ ਹੋਣ ਕਾਰਨ ਵਧੀ ਪਾਕਿਸਤਾਨ ਵਿਚ ਮਹਿੰਗਾਈ: ਪਾਕਿ ਮੰਤਰੀ
Wednesday, Dec 04, 2019 - 02:24 PM (IST)

ਇਸਲਾਮਾਬਾਦ- ਪਾਕਿਸਤਾਨ ਦੇ ਇਕ ਸੀਨੀਅਰ ਮੰਤਰੀ ਨੇ ਭੋਜਨ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਲਈ ਭਾਰਤ ਦੇ ਨਾਲ ਵਪਾਰ ਰੱਦ ਹੋਣ ਨੂੰ ਜ਼ਿੰਮੇਦਾਰ ਠਹਿਰਾਇਆ। ਪਾਕਿਸਤਾਨ ਵਿਚ ਟਮਾਟਰ ਦੀ ਕੀਮਤ 300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਆਰਥਿਕ ਮਾਮਲਿਆਂ ਬਾਰੇ ਮੰਤਰੀ ਹਮਾਦ ਅਜ਼ਹਰ ਨੇ ਮੰਗਲਵਾਰ ਸ਼ਾਮੀਂ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਰਥਿਕ ਮਾਮਲਿਆਂ ਦੀ ਟੀਮ ਦੇ ਸੀਨੀਅਰ ਮੈਂਬਰ ਤਾਜ਼ਾ ਆਰਥਿਕ ਹਾਲਾਤ ਬਾਰੇ ਮੀਡੀਆ ਨੂੰ ਸੰਬੋਧਿਤ ਕਰ ਰਹੇ ਸਨ।
ਡਾਨ ਅਖਬਾਰ ਦੀ ਇਕ ਖਬਰ ਮੁਤਾਬਕ ਅਜ਼ਹਰ ਨੇ ਕਿਹਾ ਕਿ ਇਹ ਭਿਆਨਕ ਮਹਿੰਗਾਈ ਭਾਰਤ ਦੇ ਨਾਲ ਵਪਾਰ ਰੱਦ ਹੋਣ ਕਾਰਨ ਹੋਈ ਹੈ ਤੇ ਇਸ ਵਿਚ ਮੌਸਮੀ ਤੱਤ ਤੇ ਵਿਚੌਲਿਆਂ ਦੀ ਵੀ ਭੂਮਿਕਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਸਤਾ ਬਜ਼ਾਰ ਲਗਾਉਣ ਦੇ ਲਈ ਸੂਬਾਈ ਸਰਕਾਰ ਦੇ ਨਾਲ ਇਸ ਮਾਮਲੇ 'ਤੇ ਵਿਚਾਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਮਹਿੰਗਾਈ ਜਨਵਰੀ-ਫਰਵਰੀ ਤੋਂ ਘਟਣੀ ਸ਼ੁਰੂ ਹੋਵੇਗੀ। ਇਹ ਟਿੱਪਣੀਆਂ ਉਦੋਂ ਕੀਤੀਆਂ ਗਈਆਂ ਜਦੋਂ ਟਮਾਟਰ ਦੇ ਰੇਟ 300 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਏ ਹਨ, ਜਿਸ ਨਾਲ ਲੋਕ ਪਰੇਸ਼ਾਨ ਹਨ ਕਿਉਂਕਿ ਇਹ ਉਹਨਾਂ ਦੇ ਭੋਜਨ ਦੀ ਅਹਿਮ ਸਮੱਗਰੀ ਹੈ। ਪਾਕਿਸਤਾਨ ਨੇ ਪੰਜ ਅਗਸਤ ਨੂੰ ਭਾਰਤ ਵਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੇ ਨਾਲ ਆਪਣੇ ਕੂਟਨੀਤਿਕ ਸਬੰਧ ਘੱਟ ਕਰ ਦਿੱਤੇ ਤੇ ਵਪਾਰ ਰੱਦ ਕਰ ਦਿੱਤਾ।