ਪਾਕਿਸਤਾਨ ਦੇ ਫਰਵਰੀ ਤੋਂ ਬਾਅਦ ਵੀ ਗ੍ਰੇ ਸੂਚੀ ''ਚ ਬਣੇ ਰਹਿਣ ਦਾ ਖਦਸ਼ਾ: ਰਿਪੋਰਟ
Friday, Nov 08, 2019 - 03:08 PM (IST)

ਇਸਲਾਮਾਬਾਦ— ਪਾਕਿਸਤਾਨ ਨੂੰ ਵਿੱਤੀ ਕਾਰਵਾਈ ਕਾਰਜ ਬਲ (ਐੱਫ.ਏ.ਟੀ.ਐੱਫ.) ਵਲੋਂ ਇਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਐੱਫ.ਏ.ਟੀ.ਐੱਫ. ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਫਰਵਰੀ 2020 ਤੋਂ ਬਾਅਦ ਵੀ ਪਾਕਿਸਤਾਨ ਨੂੰ ਵਿੱਤੀ ਕਾਰਵਾਈ ਕਾਰਜ ਬਲ ਦੀ ਗ੍ਰੇ ਸੂਚੀ 'ਚ ਰੱਖਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁੱਖ ਰੂਪ ਨਾਲ ਆਪਣੀ ਜੋਖਿਮ ਭਰੀ ਪ੍ਰੋਫਾਈਲ ਤੇ ਦਿੱਤੇ ਗਏ ਐਕਸ਼ਨ ਪਲਾਨ ਦੇ ਤਹਿਤ ਪਾਕਿਸਤਾਨ ਦੇ ਖਿਲਾਫ ਇਹ ਕਾਰਵਾਈ ਕੀਤੀ ਜਾ ਸਕਦੀ ਹੈ।
ਅਧਿਕਾਰੀਆਂ ਨੇ ਵੀਰਵਾਰ ਨੂੰ ਇਕ ਸੰਸਦੀ ਪੈਨਲ ਨੂੰ ਇਹ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਇਨਫਾਰਮੇਸ਼ਨ ਟ੍ਰਾਂਸਫਰ ਸਿਸਟਮ ਦੇ ਤਹਿਤ ਅੰਤਰਰਾਸ਼ਟਰੀ ਭਾਈਚਾਰੇ ਵਲੋਂ ਰਿਪੋਰਟ ਕੀਤੀ ਗਈ ਪਾਕਿਸਤਾਨ ਦੀ 7.4 ਅਰਬ ਡਾਲਰ ਦੀ ਵਿਦੇਸ਼ੀ ਜਾਇਦਾਦ 'ਤੇ ਟੈਕਸ ਦੇ ਰੂਪ 'ਚ ਲਗਭਗ 35 ਮਿਲੀਅਨ ਡਾਲਰ ਹੀ ਵਸੂਲ ਕੀਤੇ ਹਨ।
ਪਾਕਿਸਤਾਨ ਦਾ ਬਚਾਅ
ਆਰਥਿਕ ਮਾਮਲਿਆਂ ਬਾਰੇ ਮੰਤਰੀ ਹਮਦਾਦ ਅਜ਼ਹਰ ਨੇ ਵੀਰਵਾਰ ਨੂੰ ਵਿੱਤ ਤੇ ਰੈਵੇਨਿਊ 'ਤੇ ਰਾਸ਼ਟਰੀ ਵਿਧਾਨ ਸਭਾ ਦੀ ਸਥਾਈ ਕਮੇਟੀ ਦੀ ਬੈਠਕ 'ਚ ਬੋਲਦੇ ਹੋਏ ਕਿਹਾ ਕਿ ਪਾਕਿਸਤਾਨ ਆਪਣੀ ਜੋਖਿਮ ਭਰੀ ਪ੍ਰੋਫਾਈਲ ਦੇ ਕਾਰਨ ਕਈ ਹੋਰ ਦੇਸ਼ਾਂ ਦੀ ਤੁਲਨਾ 'ਚ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਪਾਕਿਸਤਾਨ ਨਾਲ ਦੋਹਰਾ ਵਿਵਹਾਰ
ਉਨ੍ਹਾਂ ਨੇ ਕਿਹਾ ਕਿ ਕੁਝ ਦੇਸ਼ਾਂ ਨੂੰ ਸਿਰਫ 80 ਫੀਸਦੀ ਐਕਸ਼ਨ ਪਲਾਨ ਪੂਰਾ ਕਰਨ 'ਤੇ ਗ੍ਰੇ ਲਿਸਟ 'ਚੋਂ ਹਟਾ ਦਿੱਤਾ ਗਿਆ ਸੀ ਜਦਕਿ ਪਾਕਿਸਤਾਨ 'ਤੇ ਇਸ ਨੂੰ 100 ਫੀਸਦੀ ਪੂਰਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਪਾਕਿਸਤਾਨ 'ਤੇ ਬਹੁਤ ਜ਼ਿਆਦਾ ਜੋਖਿਮ ਹੈ, ਇਸ 'ਚ ਇਕ ਸਿਆਸੀ ਤੱਤ ਵੀ ਸ਼ਾਮਿਲ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਐੱਫ.ਏ.ਟੀ.ਐੱਫ. ਗ੍ਰੇ ਲਿਸਟ 'ਚ ਨਹੀਂ ਸੀ। ਮੰਤਰੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਐੱਫ.ਏ.ਟੀ.ਐੱਫ. ਦੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਸਮੇਂ 'ਤੇ ਕਦਮ ਚੁੱਕ ਰਿਹਾ ਸੀ ਕਿਉਂਕਿ ਉਹ ਐਕਸ਼ਨ ਪਲਾਨ ਦੇ 27 'ਚੋਂ 22 ਟੀਚਿਆਂ 'ਤੇ ਕੰਮ ਕਰ ਰਿਹਾ ਸੀ ਤੇ ਅੰਤਰਰਾਸ਼ਟਰੀ ਸਹਿਯੋਗ ਸਮੀਖਿਆ ਸਮੂਹ ਦੇ ਪੰਜ ਟੀਚਿਆਂ ਦਾ ਪਾਲਣ ਨਹੀਂ ਕਰ ਰਿਹਾ ਸੀ। ਪਾਕਿਸਤਾਨ 7 ਸਤੰਬਰ ਤੱਕ ਆਪਣੀ ਅਗਲੀ ਰਿਪੋਰਟ ਐੱਫ.ਏ.ਟੀ.ਐੱਫ. ਦੀ ਖੇਤਰੀ ਇਕਾਈ ਏਸ਼ੀਆ ਪੈਸੀਫਿਕ ਗਰੁੱਪ ਨੂੰ ਸੌਂਪਿਆ।