ਪਾਕਿ ਹਿੰਦੂ ਸੰਗਠਨ ਦਾ ਤਿੱਖਾ ਸਵਾਲ- ''ਜੇ UAE ਬਣਾ ਸਕਦੈ ਹਿੰਦੂ ਮੰਦਰ ਤਾਂ ਪਾਕਿਸਤਾਨ ਕਿਉਂ ਨਹੀਂ?''
Tuesday, Sep 22, 2020 - 08:48 AM (IST)
ਇਸਲਾਮਾਬਾਦ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਲੰਬੇ ਸਮੇਂ ਤੋਂ ਨਵੇਂ ਹਿੰਦੂ ਮੰਦਰ ਦੀ ਉਸਾਰੀ ਦੀ ਮੰਗ ਜ਼ੋਰ ਫੜ ਰਹੀ ਹੈ। ਪਾਕਿਸਤਾਨ ਹਿੰਦੂ ਕੌਂਸਲ ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜਧਾਨੀ ਵਿਚ ਸ਼ਮਸ਼ਾਨਘਾਟ ਅਤੇ ਮੰਦਰ ਦੀ ਸਥਾਪਨਾ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਹਿੰਦੂ ਭਾਈਚਾਰੇ ਦੀ ਵੱਡੀ ਜ਼ਰੂਰਤ ਹੈ।
ਪੀ. ਟੀ. ਆਈ. ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਕੌਂਮੀ ਅਸੈਂਬਲੀ ਦੇ ਐੱਮ. ਐੱਨ. ਏ. ਮੈਂਬਰ ਲਾਲ ਚੰਦ ਮੱਲ੍ਹੀ ਨੇ ਕਿਹਾ ਕਿ ਮੁਸਲਮਾਨ ਟੈਕਸ ਦਾਤਾਵਾਂ ਦੇ ਪੈਸੇ ਮੰਦਰ ਬਣਾਉਣ ਲਈ ਨਹੀਂ ਵਰਤੇ ਜਾ ਸਕਦੇ ਪਰ ਅਸੀਂ (ਹਿੰਦੂ ਭਾਈਚਾਰਾ) ਵੀ ਇਸ ਦੇਸ਼ ਵਿਚ ਟੈਕਸ ਅਦਾ ਕਰਦੇ ਹਾਂ, ਅਤੇ ਅਰਬਾਂ ਰੁਪਏ ਕੌਮ ਲਈ ਜੋੜਦੇ ਹਾਂ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ 70 ਸਾਲਾਂ ਵਿਚ ਮੰਦਰਾਂ ਦੇ ਨਿਰਮਾਣ ‘ਤੇ ਸਾਡੇ ਟੈਕਸ ਦੇ ਜ਼ਿਆਦਾ ਪੈਸੇ ਦੀ ਵਰਤੋਂ ਨਹੀਂ ਕੀਤੀ ਹੈ। ਇਸ ਲਈ ਉਸ ਪੈਸੇ ਦਾ ਇਕ ਹਿੱਸਾ ਮੰਦਰ ਨਿਰਮਾਣ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨ ਮੌਲਵੀਆਂ ਵੱਲੋਂ ਇਤਰਾਜ਼ ਕੀਤਾ ਗਿਆ ਸੀ ਕਿ ਇਸਲਾਮਕ ਸੂਬੇ ਵਿਚ ਨਵਾਂ ਮੰਦਰ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਤਿੱਖਾ ਸਵਾਲ ਕੀਤਾ ਕਿ ਜੇ ਸੰਯੁਕਤ ਅਰਬ ਅਮੀਰਾਤ ਵਿਚ ਮੰਦਰ ਬਣਾ ਸਕਦਾ ਹੈ ਤਾਂ ਪਾਕਿਸਤਾਨ ਵਿਚ ਕਿਉਂ ਨਹੀਂ?
ਉਨ੍ਹਾਂ ਕਿਹਾ ਕਿ ਮੌਲਵੀਆਂ ਨੇ ਸਰਕਾਰ ਨੂੰ ਮੌਜੂਦਾ ਪੂਜਾ ਸਥਾਨਾਂ ਦੀ ਮੁਰੰਮਤ ਕਰਨ ਅਤੇ ਮੰਦਰਾਂ ਵਿਚ ਪੂਜਾ ਕਰਾਉਣ ਲਈ ਕਿਹਾ ਹੈ। ਲਾਲ ਚੰਦ ਮੱਲ੍ਹੀ ਨੇ ਕਿਹਾ ਕਿ ਜੇ ਉਹ ਚਾਹੁੰਦੇ ਹਨ ਕਿ ਇਸਲਾਮਾਬਾਦ ਸ਼ਹਿਰ ਦੇ ਛੇ 6 ਮੰਦਰਾਂ ਦੀ ਮੁਰੰਮਤ ਕੀਤੀ ਜਾਵੇ ਤਾਂ ਉਹ ਸਿਰਫ ਇਕ ਮੰਦਰ ਦੇ ਨਿਰਮਾਣ ਦਾ ਵਿਰੋਧ ਕਿਉਂ ਕਰ ਰਹੇ ਹਨ।