ਅਫਗਾਨਿਸਤਾਨ 'ਚ ਪਾਕਿਸਤਾਨ ਦੇ ਵਫਦ ਨੇ ਅੱਤਵਾਦੀ ਸੰਗਠਨ TTP ਨਾਲ ਕੀਤੀ ਗੱਲਬਾਤ
Tuesday, May 17, 2022 - 06:24 PM (IST)

ਨਵੀਂ ਦਿੱਲੀ (ਭਾਸ਼ਾ)- ਪਾਕਿਸਤਾਨ ਦੇ ਇਕ ਵਫ਼ਦ ਨੇ ਆਈ.ਐਸ.ਆਈ. ਦੇ ਸਾਬਕਾ ਮੁਖੀ ਦੀ ਅਗਵਾਈ ਵਿੱਚ ਅਫਗਾਨਿਸਤਾਨ ਵਿੱਚ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਨੁਮਾਇੰਦਿਆਂ ਨਾਲ ਕਥਿਤ ਤੌਰ ’ਤੇ ਗੱਲਬਾਤ ਕੀਤੀ ਹੈ। ਇਹ ਸੰਗਠਨ ਪਾਕਿਸਤਾਨੀ ਸੁਰੱਖਿਆ ਬਲਾਂ 'ਤੇ ਕਈ ਘਾਤਕ ਹਮਲਿਆਂ 'ਚ ਸ਼ਾਮਲ ਰਿਹਾ ਹੈ। ਮੰਗਲਵਾਰ ਨੂੰ ਮੀਡੀਆ 'ਚ ਆਈ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ।
ਟੀ.ਟੀ.ਪੀ. ਦੇ ਮੈਂਬਰਾਂ ਅਤੇ ਕਾਬੁਲ ਵਿੱਚ ਅਧਿਕਾਰਤ ਸੂਤਰਾਂ ਨੇ ਅਮਰੀਕੀ ਰੇਡੀਓ ਸਰਵਿਸ 'ਵਾਇਸ ਆਫ ਅਮਰੀਕਾ' ਨੂੰ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਸੋਮਵਾਰ ਨੂੰ ਕਾਬੁਲ ਵਿੱਚ, ਪੇਸ਼ਾਵਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੇ ਟੀਟੀਪੀ ਦੇ ਪ੍ਰਤੀਨਿਧੀ ਮੰਡਲ ਨਾਲ ਗੱਲਬਾਤ ਕੀਤੀ, ਜਿਸ ਦੀ ਵਿਚੋਲਗੀ ਹੱਕਾਨੀ ਨੈਟਵਰਕ ਦੁਆਰਾ ਕੀਤੀ ਗਈ ਸੀ। ਅਫਗਾਨ ਪੱਤਰਕਾਰ ਬਿਲ ਸਰਵਰੀ ਨੇ ਟਵੀਟ ਕੀਤਾ,''ਪੇਸ਼ਾਵਰ ਆਰਮੀ ਕੋਰ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਆਪਣੇ ਵਫਦ ਦੇ ਨਾਲ ਟੀਟੀਪੀ ਨਾਲ ਗੱਲਬਾਤ ਲਈ ਕਾਬੁਲ ਪਹੁੰਚੇ।''
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਈਸ਼ਨਿੰਦਾ ਦੇ ਦੋਸ਼ 'ਚ ਦੋ ਵਿਅਕਤੀ ਗ੍ਰਿਫ਼ਤਾਰ
ਹਾਲਾਂਕਿ ਇਸ ਘਟਨਾਕ੍ਰਮ ਨੂੰ ਲੈ ਕੇ ਦੋਵਾਂ ਪਾਸਿਆਂ ਤੋਂ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਹਮੀਦ ਜੂਨ 2019 ਤੋਂ ਨਵੰਬਰ 2021 ਤੱਕ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਵਿੱਚ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਸੀ। 'ਐਕਸਪ੍ਰੈਸ ਟ੍ਰਿਬਿਊਨ' ਅਖ਼ਬਾਰ ਨੇ ਅਫਗਾਨ ਪੱਤਰਕਾਰਾਂ ਅਤੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਇਹ ਗੱਲਬਾਤ ਅਫਗਾਨ ਤਾਲਿਬਾਨ ਦੀ ਤਾਜ਼ਾ ਕੋਸ਼ਿਸ਼ ਹੈ, ਜਿਸ ਦਾ ਉਦੇਸ਼ ਪਾਕਿਸਤਾਨ ਅਤੇ ਟੀਟੀਪੀ ਵਿਚਾਲੇ ਟਕਰਾਅ ਨੂੰ ਘੱਟ ਕਰਨਾ ਹੈ।