ਪਾਕਿ : ''ਆਜ਼ਾਦੀ ਮਾਰਚ'' ਤੋਂ ਪਹਿਲਾਂ ਇਮਰਾਨ ਦੀ ਪਾਰਟੀ ਦੇ ਦੋ ਨੇਤਾ ਸਮੇਤ ਕਈ PTI ਸਮਰਥਕ ਗ੍ਰਿਫ਼ਤਾਰ
Wednesday, May 25, 2022 - 03:26 PM (IST)
ਇਸਲਾਮਾਬਾਦ (ਭਾਸ਼ਾ)- ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਵੱਲੋਂ ਬੁੱਧਵਾਰ ਨੂੰ ਰਾਜਧਾਨੀ ਇਸਲਾਮਾਬਾਦ ਵਿੱਚ ਕੀਤੇ ਜਾਣ ਵਾਲੇ ‘ਆਜ਼ਾਦੀ ਮਾਰਚ’ ਤੋਂ ਪਹਿਲਾਂ ਮੰਗਲਵਾਰ ਨੂੰ ਪਾਰਟੀ ਦੇ ਸੈਨੇਟਰ ਇਜਾਜ਼ ਚੌਧਰੀ ਅਤੇ ਪੰਜਾਬ ਦੇ ਆਗੂ ਮੀਆਂ ਮਹਿਮੂਦ-ਉਰ-ਰਸ਼ੀਦ ਸਮੇਤ ਕਈ ਪੀ.ਟੀ.ਆਈ. ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਨੇ ਪੀ.ਟੀ.ਆਈ. ਦੇ 'ਆਜ਼ਾਦੀ ਮਾਰਚ' ਨੂੰ ਰੱਦ ਕਰਨ ਦਾ ਫ਼ੈਸਲਾ ਲਿਆ, ਜਦੋਂ ਕਿ ਪਾਰਟੀ ਪ੍ਰਧਾਨ ਇਮਰਾਨ ਖਾਨ ਸਮੇਤ ਕਈ ਹੋਰ ਨੇਤਾਵਾਂ ਨੇ ਇਸਲਾਮਾਬਾਦ ਵੱਲ ਮਾਰਚ ਕਰਨ ਦੀ ਸਹੁੰ ਖਾਧੀ ਹੈ।
ਪੁਲਸ ਦੀ ਇਸ ਕਾਰਵਾਈ ਦੀ ਨਿੰਦਾ ਕਰਦੇ ਹੋਏ ਪੀ.ਟੀ.ਆਈ. ਦੇ ਬੁਲਾਰੇ ਸ਼ਫਕਤ ਮਹਿਮੂਦ ਨੇ ਟਵੀਟ ਕੀਤਾ ਕਿ ਪੁਲਸ ਨੇ ਬਿਨਾਂ ਸਰਚ ਵਾਰੰਟ ਦੇ ਉਨ੍ਹਾਂ ਦੇ ਘਰ ਛਾਪਾ ਮਾਰਿਆ। ਮਹਿਮੂਦ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਸੈਨੇਟਰ ਇਜਾਜ਼ ਚੌਧਰੀ ਨੂੰ ਵੀ ਗ੍ਰਿਫ਼ਤਾਰ ਕਰਕੇ ਕਿਸੇ ਅਣਦੱਸੀ ਥਾਂ ’ਤੇ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਪੁਲਸ ਨੇ ਪੀ.ਟੀ.ਆਈ ਦੀ ਸਿੰਧ ਲੀਡਰਸ਼ਿਪ 'ਤੇ ਵੀ ਕਾਰਵਾਈ ਕੀਤੀ ਅਤੇ ਕਈ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮਰੀਅਮ ਨਵਾਜ਼ ਨੇ ਟਵੀਟ ਕਰ ਕੇ ਦੱਸਿਆ ਕਿ ਇਹਨਾਂ ਕਾਰਕੁਨਾਂ ਦੇ ਘਰੋਂ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਗਏ ਹਨ।
ਪੁਲਸ ਨੇ ਬੁੱਧਵਾਰ ਤੜਕੇ ਕਰਾਚੀ ਦੇ ਸ਼ਾਹ ਰਸੂਲ ਕਲੋਨੀ ਇਲਾਕੇ ਵਿੱਚ ਛਾਪਾ ਮਾਰਿਆ ਅਤੇ ਪਰਵੇਜ਼ ਖਾਨ ਸਮੇਤ ਪੰਜ ਪੀ.ਟੀ.ਆਈ. ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪੀ.ਟੀ.ਆਈ. ਕਾਰਕੁਨ ਤਿਨ ਤਲਵਾੜ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਲਈ ਇਕੱਠੇ ਹੋਣ ਦੀ ਯੋਜਨਾ ਬਣਾ ਰਹੇ ਸਨ। ਇੱਧਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਸਰਕਾਰ ਨੇ ਇਸ ਕਦਮ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਸਲਾਮਾਬਾਦ 'ਚ ਇਮਰਾਨ ਖਾਨ ਦੇ 'ਆਜ਼ਾਦੀ ਮਾਰਚ' ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਸੰਘੀ ਮੰਤਰੀ ਮੰਡਲ ਨੇ "ਫਾਤਿਨਾ" ਅਤੇ "ਫਸਾਦ" ਦੇ ਫੈਲਾਅ ਤੋਂ ਬਚਣ ਲਈ ਪੀ.ਟੀ.ਆਈ. ਮਾਰਚ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਟੈਕਸਾਸ ਹਮਲੇ ਤੋਂ ਪਹਿਲਾਂ ਹਮਲਾਵਰ ਨੇ ਪੋਸਟ ਕੀਤੀ ਸੀ 'ਬੰਦੂਕ' ਦੀ ਤਸਵੀਰ, ਅਣਜਾਣ ਔਰਤ ਨੂੰ ਭੇਜੇ 'ਸੰਦੇਸ਼'
ਪਾਕਿਸਤਾਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਪੀ.ਟੀ.ਆਈ. ਦੇ ਕਈ ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸੱਦੀ ਗਈ ਵਿਰੋਧ ਰੈਲੀ ਨੂੰ ਨਾਕਾਮ ਕਰਨ ਲਈ ਸੜਕਾਂ ਜਾਮ ਕਰ ਦਿੱਤੀਆਂ। ਇੱਕ ਦਿਨ ਪਹਿਲਾਂ ਸਰਕਾਰ ਨੇ ਪੀ.ਟੀ.ਆਈ. ਦੀ ਰੈਲੀ 'ਤੇ ਪਾਬੰਦੀ ਲਗਾਉਣ ਲਈ ਕਿਹਾ ਸੀ। ਖਾਨ ਨੇ ਸ਼ਨੀਵਾਰ ਨੂੰ ਆਪਣੇ ਸਮਰਥਕਾਂ ਨੂੰ 25 ਮਈ ਨੂੰ ਸ਼ਾਂਤਮਈ ਮਾਰਚ ਦੇ ਨਾਲ ਇਸਲਾਮਾਬਾਦ ਪਹੁੰਚਣ ਦਾ ਸੱਦਾ ਦਿੱਤਾ ਸੀ ਤਾਂ ਜੋ ਸਰਕਾਰ 'ਤੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਅਤੇ ਦੇਸ਼ ਵਿੱਚ ਚੋਣਾਂ ਕਰਾਉਣ ਦੀ ਮੰਗ ਕਰਨ ਲਈ ਦਬਾਅ ਬਣਾਇਆ ਜਾ ਸਕੇ। ਗੱਠਜੋੜ ਸਰਕਾਰ ਨੇ ਦੇਸ਼ ਵਿੱਚ ਜਲਦੀ ਚੋਣਾਂ ਕਰਵਾਉਣ ਦੀ ਖਾਨ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ਅਤੇ ਅਗਲੇ ਸਾਲ ਚੋਣਾਂ ਹੋਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਅਲਫਾ ਅਕੈਡਮੀ ਦੇ ਬਾਹਰ ਭਾਰਤੀ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ (ਤਸਵੀਰਾਂ)
ਇਸ ਧਰਨੇ ਨੂੰ "ਆਜ਼ਾਦੀ ਮਾਰਚ" ਦਾ ਨਾਂ ਦਿੱਤਾ ਗਿਆ ਹੈ। ਲੋਕਾਂ ਨੂੰ ਵੱਡੀ ਗਿਣਤੀ 'ਚ ਇਕੱਠੇ ਹੋਣ ਤੋਂ ਰੋਕਣ ਲਈ ਸਰਕਾਰ ਨੇ ਕਈ ਥਾਵਾਂ 'ਤੇ ਧਾਰਾ 144 ਲਾਗੂ ਕਰ ਦਿੱਤੀ ਹੈ। ਪੰਜਾਬ ਦੇ ਗ੍ਰਹਿ ਸਕੱਤਰ ਸਈਅਦ ਅਲੀ ਮੁਰਤਜ਼ਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਭ ਤੋਂ ਵੱਡੇ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣ ਵਿੱਚ ਪੁਲਿਸ ਦੀ ਮਦਦ ਲਈ ਅਰਧ ਸੈਨਿਕ ਰੇਂਜਰ ਨੂੰ ਬੁਲਾਇਆ ਗਿਆ ਸੀ। ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ 4000 ਤੋਂ ਵੱਧ ਪੁਲਸ ਮੁਲਾਜ਼ਮ ਇਸਲਾਮਾਬਾਦ ਬੁਲਾਏ ਗਏ ਹਨ। ਲਾਹੌਰ, ਰਾਵਲਪਿੰਡੀ ਅਤੇ ਇਸਲਾਮਾਬਾਦ ਵਿੱਚ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਹਨ। ਕਈ ਮੁੱਖ ਸੜਕਾਂ 'ਤੇ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਇਸਲਾਮਾਬਾਦ ਅਤੇ ਰਾਵਲਪਿੰਡੀ ਵਿੱਚ ਵੀ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਹਿੰਸਾ ਦੀ ਸੰਭਾਵਨਾ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਸਰਕਾਰ ਨੇ ਵਿਰੋਧ ਰੈਲੀ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।