ਪੰਜਾਬ ‘ਚ ਸਕੂਲੀ ਕੰਧਾਂ ‘ਤੇ ਕਾਵਿ ਸ਼ਬਦਾਂ ਦੀਆਂ ਪੇਂਟਿੰਗਾਂ ਬਣੀਆਂ ਸ਼ਿੰਗਾਰ : ਗੀਤਕਾਰ ਸੁਰਜੀਤ ਸੰਧੂ

Wednesday, Sep 02, 2020 - 08:30 AM (IST)

ਪੰਜਾਬ ‘ਚ ਸਕੂਲੀ ਕੰਧਾਂ ‘ਤੇ ਕਾਵਿ ਸ਼ਬਦਾਂ ਦੀਆਂ ਪੇਂਟਿੰਗਾਂ ਬਣੀਆਂ ਸ਼ਿੰਗਾਰ : ਗੀਤਕਾਰ ਸੁਰਜੀਤ ਸੰਧੂ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਨਿਵਾਸੀ ਵਾਤਾਵਰਨ ਪ੍ਰੇਮੀ, ਉੱਘੇ ਕਵੀ ਅਤੇ ਗੀਤਕਾਰ ਸੁਰਜੀਤ ਸੰਧੂ ਲਿੱਖਿਤ ਕਵਿਤਾ ‘ਕੁਦਰਤ’ ਸਮੂਹ ਵਾਤਾਵਰਨ ਪ੍ਰੇਮੀਆਂ ਅਤੇ ਕਵਿਤਾ ਦੇ ਕਦਰਦਾਨਾਂ ‘ਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।

ਇਸ ਕਵਿਤਾ ਦਾ ਹਰ ਅਲਫਾਜ਼ ਵਾਕਿਆ ਹੀ ਰੂਹ ਨੂੰ ਝੰਜੋੜਨ ਵਾਲਾ ਹੈ ਅਤੇ ਮੌਜੂਦਾ ਸਮੇਂ ਵਾਤਾਵਰਣ ਪੱਖੋਂ ਪੰਜਾਬ ਦੀ ਲੋਕਾਈ ਲਈ ਸੁਨੇਹੇ ਬਾਬਤ ਹੈ। ਪੰਜਾਬ ਤੋਂ ਗਗਨਦੀਪ ਸਿੰਘ ਢਿੱਲੋਂ (ਪੇਂਟਰ) ਦੇ ਕਹਿਣ ਮੁਤਾਬਕ ਇਹ ਕਾਵਿ ਰਚਨਾ ਉਸਨੂੰ ਬਾਕਮਾਲ ਲੱਗੀ ਅਤੇ ਸਮੇਂ ਦੀ ਮੰਗ ਵਾਂਗ ਉਸ ਨੇ ਇਸ ਨੂੰ ਆਪਣੀ ਪੇਂਟਿੰਗ ਵਿਚ ਉਤਾਰ ਲਿਆ। ਅੱਜ ਇਹ ਕਾਵਿ ਪੇਂਟਿੰਗਾਂ ਸੰਗਰੂਰ-ਬਰਨਾਲਾ ਰੋਡ ‘ਤੇ (ਜ਼ਿਲ੍ਹਾ ਬਰਨਾਲਾ) ਵਸੇ ਪਿੰਡ ਬਡਬਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਕੰਧਾਂ ਦਾ ਸ਼ਿੰਗਾਰ ਹਨ। ਗਗਨਦੀਪ, ਬਡਬਰ ਦੇ ਨੇੜਲੇ ਪਿੰਡ ਭੈਣੀ ਮਹਿਰਾਜ (ਜ਼ਿਲ੍ਹਾ ਬਰਨਾਲਾ) ਦਾ ਰਹਿਣ ਵਾਲਾ ਹੈ ਅਤੇ ਮਾਲਵਾ ਪੇਂਟਰ ਐਸੋਸੀਏਸ਼ਨ(ਰਜਿ:) ਸੰਗਰੂਰ ਵੱਲੋਂ ਸਰਕਾਰੀ ਸਕੂਲਾਂ ਨੂੰ ਵਧੀਆ ਰੰਗ ਸਾਜ਼ਾਂ ਨਾਲ ਸ਼ਿੰਗਾਰਨ ਲਈ ਇਸ ਸੰਸਥਾ ਤਰਫੋਂ ਕੰਮ ਕਰਦਾ ਹੈ। 

PunjabKesari

ਗੌਰਤਲਬ ਹੈ ਕਿ ਇਹ ਸੰਸਥਾ ਪੰਜਾਬ ‘ਚ ‘ਵਾਤਾਵਰਣ ਬਚਾਓ ਮੁਹਿੰਮ’ ਤਹਿਤ ਹਰ ਮਹੀਨੇ 35-40 ਪੇਂਟਰਾਂ ਦੀ ਮਦਦ ਨਾਲ ਲੋੜਵੰਦ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਮੁਫ਼ਤ ਪੇਂਟਿੰਗ ਸੇਵਾਵਾਂ ਪ੍ਰਦਾਨ ਕਰਦੀ ਹੈ। ਇਸ ਲਈ ਕਿਸੇ ਵੀ ਲੇਖਕ ਜਾਂ ਗੀਤਕਾਰ ਲਈ ਇਹ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਕਿ ਉਸ ਦੀਆਂ ਲਿਖੀਆਂ ਲਾਈਨਾਂ ਸਕੂਲੀ ਬੱਚਿਆਂ ਨੂੰ ਸੇਧ ਦੇਣ ਲਈ ਸਕੂਲੀ ਕੰਧਾਂ ‘ਤੇ ਉਕੇਰੀਆਂ ਜਾਣ। ਇਸ ਨੇਕ ਕਾਰਜ ਲਈ ਗੀਤਕਾਰ ਸੁਰਜੀਤ ਸੰਧੂ ਅਤੇ ਗਗਨਦੀਪ ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਸਲਾਹਿਆ ਜਾ ਰਿਹਾ ਹੈ।
 


author

Lalita Mam

Content Editor

Related News