ਓਵਰਡੋਜ਼ ਕਾਰਨ ਮੌਤਾਂ ਦੇ ਮੱਦੇਨਜ਼ਰ BC ਪ੍ਰਸ਼ਾਸਨ ਦੀ ਵੱਡੀ ਪਹਿਲ ! ਸੇਫਟੀ ਅਫ਼ਸਰਾਂ ਨੂੰ ਦਿੱਤੇ ਨਵੇਂ ਉਪਰਕਨ
Monday, Dec 15, 2025 - 11:26 AM (IST)
ਵੈਨਕੂਵਰ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਨੈਨਾਈਮੋ ਸ਼ਹਿਰ ਵਿੱਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਕਮਿਊਨਿਟੀ ਸੇਫ਼ਟੀ ਅਫ਼ਸਰਾਂ ਨੂੰ ਨਵੇਂ ਉਪਕਰਨ ਅਤੇ ਆਧੁਨਿਕ ਸਾਜ਼ੋ-ਸਮਾਨ ਨਾਲ ਲੈਸ ਕੀਤਾ ਗਿਆ ਹੈ। ਇਹ ਉਪਰਾਲਾ ਫੈਡਰਲ ਸਰਕਾਰ ਵੱਲੋਂ ਪ੍ਰਦਾਨ ਕੀਤੇ ਗਏ 4 ਲੱਖ 40 ਹਜ਼ਾਰ ਡਾਲਰ ਤੋਂ ਵੱਧ ਦੇ ਫੰਡ ਨਾਲ ਸੰਭਵ ਹੋਇਆ ਹੈ।
ਪ੍ਰਾਪਤ ਵੇਰਵੇ ਮੁਤਾਬਕ ਕਮਿਊਨਿਟੀ ਸੇਫ਼ਟੀ ਅਫ਼ਸਰਾਂ ਲਈ ਅਜਿਹੇ ਨਵੇਂ ਟਰੱਕ ਤਿਆਰ ਕਰਵਾਏ ਹਨ, ਜਿਨ੍ਹਾਂ ਵਿੱਚ ਓਵਰਡੋਜ਼ ਦੀ ਰੋਕਥਾਮ ਅਤੇ ਐਮਰਜੈਂਸੀ ਸਹਾਇਤਾ ਨਾਲ ਸਬੰਧਤ ਵਿਸ਼ੇਸ਼ ਉਪਕਰਣ ਸ਼ਾਮਲ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਵਾਂ ਸਾਜ਼ੋ-ਸਮਾਨ ਮੌਕੇ ’ਤੇ ਤੁਰੰਤ ਦਖ਼ਲ ਦੇਣ ਅਤੇ ਜਾਨਾਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਹਾਲਾਂਕਿ ਇਸ ਯੋਜਨਾ ਨੂੰ ਲੈ ਕੇ ਕੁਝ ਵਰਗਾਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ। ਆਲੋਚਕਾਂ ਦਾ ਦਾਅਵਾ ਹੈ ਕਿ ਕੇਂਦਰੀ ਫੰਡ ਨਵੇਂ ਵਾਹਨਾਂ ਅਤੇ ਉਪਕਰਨਾਂ ਦੀ ਥਾਂ ਨਸ਼ਾ ਪੀੜਤਾਂ ਲਈ ਆਊਟਰੀਚ ਪ੍ਰੋਗਰਾਮਾਂ, ਇਲਾਜ ਅਤੇ ਸਮਾਜਿਕ ਸਹਾਇਤਾ ਸੇਵਾਵਾਂ ’ਤੇ ਖਰਚ ਕੀਤੇ ਜਾਣੇ ਚਾਹੀਦੇ ਸਨ।
ਨੈਨਾਈਮੋ ਵਿੱਚ ਨਸ਼ਿਆਂ ਕਾਰਨ ਵਧ ਰਹੀਆਂ ਮੌਤਾਂ ਦੇ ਮੱਦੇਨਜ਼ਰ, ਇਹ ਕਦਮ ਇੱਕ ਮਹੱਤਵਪੂਰਨ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਇਸ ਫੈਸਲੇ ਸਬੰਧੀ ਵੱਖ-ਵੱਖ ਵਰਗਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।
