ਟੰਬਲਰ ਰਿਜ਼ ਦੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਜਾਣਗੇ ਅਸਥਾਈ ਕਲਾਸ ਰੂਮ

Tuesday, Feb 17, 2026 - 06:07 PM (IST)

ਟੰਬਲਰ ਰਿਜ਼ ਦੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਜਾਣਗੇ ਅਸਥਾਈ ਕਲਾਸ ਰੂਮ

ਟੰਬਲਰ ਰਿਜ਼ (ਕੈਨੇਡਾ), (ਮਲਕੀਤ ਸਿੰਘ)-ਪਿਛਲੇ ਦਿਨੀਂ ਖੂਨੀ ਕਾਂਡ ਦੀ ਭਿਆਨਕ ਤ੍ਰਾਸਦੀ ਦਾ ਸ਼ਿਕਾਰ ਹੋਏ ਟੰਬਲਰ ਰਿੱਜ ਸਕੂਲ ਵਿੱਚ ਹੁਣ ਅਸਥਾਈ ਕਲਾਸ ਰੂਮ ਬਣਾਏ ਜਾਣਗੇ ਤੇ ਇਸ ਸਬੰਧੀ ਲੜੀਦੀ ਪ੍ਰਤਿਕਿਰਿਆ ਸੋਮਵਾਰ ਤੋਂ ਆਰੰਭ ਕਰ ਦਿੱਤੀ ਜਾਵੇਗੀ । ਇਸ ਸਬੰਧੀ ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲੇ ਵੱਲੋਂ ਜਾਰੀ ਇੱਕ ਪ੍ਰੈੱਸ ਰਿਲੀਜ਼ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ  ਲੋੜੇਦੀਆਂ ਸਹੂਲਤਾਂ ਨਾਲ ਲੈਸ ਇਹ ਅਸਥਾਈ ਰੂਮ ਟੰਬਲਰ ਰਿਜ਼ ਐਲਿਮੈਂਟਰੀ ਸਕੂਲ ਦੇ ਮੈਦਾਨ ਵਿੱਚ ਸਥਾਪਿਤ ਕੀਤੇ ਜਾਣਗੇ। ਇਸ ਦੇ ਪਹਿਲੇ ਪੜਾਅ ਵਿੱਚ ਸਿੰਗਲ-ਵਾਈਡ ਟ੍ਰੇਲਰ ਲਗਾਏ ਜਾਣਗੇ, ਜੋ ਟੰਬਲਰ ਰਿਜ਼ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਸੁਰੱਖਿਅਤ ਮਾਹੌਲ ਵਿੱਚ ਕਲਾਸਾਂ ਮੁੜ ਸ਼ੁਰੂ ਕਰਨ ਵੱਲ ਪਹਿਲਾ ਕਦਮ ਹੋਵੇਗਾ।
ਪੀਸ ਰਿਵਰ ਸਾਊਥ ਸਕੂਲ ਬੋਰਡ ਦੇ ਚੇਅਰਮੈਨ ਚੈਡ ਐਂਡਰਸਨ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਰੁਟੀਨ ਅਤੇ ਸਮੁਦਾਇਕ ਸਹਾਰੇ ਦਾ ਬਹੁਤ ਮਹੱਤਵਪੂਰਨ ਰੋਲ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ, ਮਾਪਿਆਂ ਅਤੇ ਸਮੁਦਾਇ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦਿਆਂ ਸੰਵੇਦਨਸ਼ੀਲ ਅਤੇ ਮਨੋਵਿਗਿਆਨਕ ਸਹਿਯੋਗ ਅਧਾਰਿਤ ਤਰੀਕਾ ਅਪਨਾਇਆ ਜਾ ਰਿਹਾ ਹੈ।
ਅਧਿਕਾਰੀਆਂ ਮੁਤਾਬਕ ਸਭ ਤੋਂ ਪਹਿਲਾਂ ਬਾਥਰੂਮ ਟ੍ਰੇਲਰ ਪਹੁੰਚਣਗੇ। ਇਸ ਤੋਂ ਬਾਅਦ 17 ਅਤੇ 18 ਫਰਵਰੀ ਨੂੰ 14 ਕਲਾਸਰੂਮ ਯੂਨਿਟ ਲਗਾਏ ਜਾਣਗੇ। ਮੌਸਮ ਦੀ ਸਥਿਤੀ ਦੇ ਮੱਦੇ ਨਜ਼ਰ ਇਹਨਾਂ ਵਿੱਚ ਪਾਣੀ, ਹੀਟਿੰਗ ਅਤੇ ਫਰਨੀਚਰ ਦੀ ਸਹੂਲਤ ਦੇਣ ਵਿੱਚ ਕੁਝ ਦਿਨ ਲੱਗ ਸਕਦੇ ਹਨ ਇਸ ਲਈ ਹਾਲੇ ਤੱਕ ਕਲਾਸਾਂ ਮੁੜ ਸ਼ੁਰੂ ਕਰਨ ਦੀ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਡਬਲ-ਵਾਈਡ ਟ੍ਰੇਲਰ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।  ਬੁਨਿਆਦੀ ਢਾਂਚਾ ਮੰਤਰੀ ਬਾਵਨ ਮਾਅ ਨੇ ਕਿਹਾ ਕਿ ਸਰਕਾਰ ਦਿਨ-ਰਾਤ ਮਿਹਨਤ ਕਰ ਰਹੀ ਹੈ ਤਾਂ ਜੋ ਸਕੂਲ  ਨੂੰ ਲੋੜੀਂਦੀ ਹਰ ਸਹੂਲਤ ਜਲਦੀ ਮਿਲ ਸਕੇ। ਉਨ੍ਹਾਂ ਨੇ ਸਾਰੇ ਸਾਂਝੇਦਾਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
ਵਿਦਿਆਰਥੀਆਂ ਅਤੇ ਸਟਾਫ਼ ਦੀ ਮਾਨਸਿਕ ਸਹਾਇਤਾ ਲਈ ਕੌਂਸਲਰ ਵੀ ਨਵੀਂ ਇਮਾਰਤਾਂ ਵਿੱਚ ਮੌਜੂਦ ਰਹਿਣਗੇ। ਕਲਾਸਾਂ ਸ਼ੁਰੂ ਹੋਣ ਤੋਂ ਬਾਅਦ ਵੀ ਇਹ ਸੇਵਾਵਾਂ ਜਾਰੀ ਰਹਿਣਗੀਆਂ। ਟੰਬਲਰ ਰਿਜ਼ ਕਮਿਊਨਿਟੀ ਸੈਂਟਰ ਵਿੱਚ ਵੀ ਕੌਂਸਲਿੰਗ ਸਹੂਲਤ ਉਪਲਬਧ ਹੈ।
ਸਿੱਖਿਆ ਅਤੇ ਬਾਲ ਸੰਭਾਲ ਮੰਤਰੀ  ਲਿਸਾ ਬੇਅਰ ਨੇ ਕਿਹਾ ਕਿ ਟੰਬਲਰ ਰਿਜ਼ ਦੀ ਮਦਦ ਕਰਨ ਵਾਲੇ ਹਰ ਵਿਅਕਤੀ ਦਾ ਉਹ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਕੂਲ ਵਾਪਸੀ ਸੁਰੱਖਿਅਤ ਅਤੇ ਸੁਚੱਜੀ ਹੋਵੇ।


author

Shubam Kumar

Content Editor

Related News