ਪਾਕਿਸਤਾਨ ਦੀਆਂ ਜੇਲਾਂ ''ਚ ਬੰਦ ਹਨ 471 ਭਾਰਤੀ

Sunday, Jul 29, 2018 - 07:13 PM (IST)

ਇਸਲਾਮਾਬਾਦ— ਪਾਕਿਸਤਾਨ 'ਚ ਇਨ੍ਹੀਂ ਦਿਨੀ ਜੇਲਾਂ 'ਚ ਬੰਦ ਭਾਰਤੀ ਕੈਦੀਆਂ ਬਾਰੇ ਸਰਕਾਰੀ ਦਸਤਾਵੇਜ਼ ਸੁਪਰੀਮ ਕੋਰਟ ਨੂੰ ਸੌਂਪੇ ਗਏ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀਆਂ ਜੇਲਾਂ 'ਚ ਅਜੇ ਵੀ 471 ਭਾਰਤੀ ਬੰਦ ਹਨ, ਜਿਨ੍ਹਾਂ 'ਚ 418 ਮਛੇਰੇ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਰਿਪੋਰਟ 'ਚ ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਕਿ 357 ਪਾਕਿਸਤਾਨੀ ਭਾਰਤੀ ਜੇਲਾਂ 'ਚ ਵੀ ਬੰਦ ਹਨ।
ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੇ ਸਮੇਂ ਦੋਵਾਂ ਮੁਲਕਾਂ 'ਚ ਵਧੇ ਤਣਾਅ ਤੇ ਗੱਲਬਾਤ ਨੂੰ ਇਕਤਰਫਾ ਮੁਅੱਤਲ ਕਰਨ ਕਾਰਨ ਭਾਰਤ ਤੇ ਪਾਤਿਸਤਾਨ ਦੀਆਂ ਨਿਆਂਇਕ ਕਮੇਟੀਆਂ ਅਕਤੂਬਰ 2013 ਤੋਂ ਆਪਸ 'ਚ ਨਹੀਂ ਮਿਲੀਆਂ। ਰਿਪੋਰਟ 'ਚ ਕਿਹਾ ਗਿਆ ਕਿ ਗ੍ਰਹਿ ਮੰਤਰਾਲੇ ਵਲੋਂ ਸਾਡੇ ਨਾਲ ਸਾਂਝੀ ਕੀਤੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਦੀਆਂ ਜੇਲਾਂ 'ਚ 53 ਆਮ ਨਾਗਰਿਕ ਤੇ 418 ਮਛੇਰੇ (ਕੁੱਲ 471) ਬੰਦ ਹਨ। ਮੰਤਰਾਲੇ ਨੇ ਇਸ ਦੇ ਨਾਲ ਹੀ ਅਦਾਲਤ ਨੂੰ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਵਲੋਂ ਮਿਲੀ ਸਭ ਤੋਂ ਤਾਜ਼ਾ ਜਾਣਕਾਰੀ, ਜੋ ਕਿ 1 ਜੁਲਾਈ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਸਾਂਝੀ ਕੀਤੀ ਗਈ ਸੀ, ਦੇ ਮੁਤਾਬਕ ਭਾਰਤ ਦੀਆਂ ਜੇਲਾਂ 'ਚ 249 ਪਾਕਿਸਤਾਨੀ ਨਾਗਰਿਕ ਤੇ 108 ਮਛੇਰੇ ਬੰਦ ਹਨ।
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ 2016 ਤੋਂ ਭਾਰਤ ਨੇ 114 ਪਾਕਿਸਤਾਨੀ ਕੈਦੀ ਰਿਹਾਅ ਕੀਤੇ ਹਨ, ਜਿਨ੍ਹਾਂ 'ਚ 83 ਆਮ ਨਾਗਰਿਕ ਤੇ 31 ਮਛੇਰੇ ਸ਼ਾਮਲ ਹਨ। ਪਾਕਿਸਤਾਨ ਨੇ ਇਸੇ ਸਮੇਂ ਦੌਰਾਨ 951 ਭਾਰਤੀ ਕੈਦੀ ਰਿਹਾਅ ਕੀਤੇ ਹਨ, ਜਿਨ੍ਹਾਂ 'ਚ 941 ਮਛੇਰੇ ਤੇ 10 ਭਾਰਤੀ ਨਾਗਰਿਕ ਸਾਮਲ ਹਨ।


Related News