ਦੱਖਣੀ ਕੋਰੀਆ 'ਚ ਬਰਫ਼ਬਾਰੀ ਦੌਰਾਨ 4 ਦਰਜਨ ਤੋਂ ਵਧੇਰੇ ਵਾਹਨਾਂ ਦੀ ਜ਼ਬਰਦਸਤ ਟੱਕਰ, ਮਚੀ ਹਫੜਾ-ਦਫੜੀ
Monday, Jan 16, 2023 - 02:51 PM (IST)
ਸਿਓਲ (ਭਾਸ਼ਾ)- ਦੱਖਣੀ ਕੋਰੀਆ ਦੀ ਰਾਜਧਾਨੀ ਨੇੜੇ ਬਰਫ਼ ਨਾਲ ਢੱਕੇ ਹਾਈਵੇਅ ‘ਤੇ ਐਤਵਾਰ ਰਾਤ ਨੂੰ ਕਰੀਬ 50 ਵਾਹਨਾਂ ਦੀ ਆਪਸੀ ਟੱਕਰ ਹੋ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੋਚਿਓਨ ਸ਼ਹਿਰ ਦੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਹਵਾਂਗ ਤਾਏ-ਗਿਓਨ ਨੇ ਕਿਹਾ ਕਿ ਗੁਰੀ-ਪੋਚਿਓਨ ਹਾਈਵੇਅ 'ਤੇ ਘੱਟੋ-ਘੱਟ 47 ਵਾਹਨ ਸੜਕ ਤਿਲਕਣ ਕਾਰਨ ਇੱਕ-ਦੂਜੇ ਨਾਲ ਟਕਰਾ ਗਏ।
ਤਸਵੀਰਾਂ 'ਚ ਪੁਲਸ ਅਧਿਕਾਰੀ ਅਤੇ ਬਚਾਅ ਕਰਮਚਾਰੀਆਂ ਨੂੰ 'ਸਟਰੇਚਰ' ਲੈ ਕੇ ਮਲਬੇ ਵਿਚ ਸੜਕ 'ਤੇ ਦੌੜਦੇ ਹੋਏ ਦੇਖਿਆ ਜਾ ਸਕਦਾ ਹੈ। ਇੱਕ ਯਾਤਰੀ ਬੱਸ ਸਮੇਤ ਕਈ ਵਾਹਨ ਅੱਗੋਂ ਅਤੇ ਪਿੱਛੋਂ ਨੁਕਸਾਨੇ ਗਏ। ਉੱਤਰੀ ਗਯੋਂਗਗੀ ਸੂਬੇ ਦੇ ਫਾਇਰ ਵਿਭਾਗ ਦੇ ਅਧਿਕਾਰੀ ਕਿਮ ਡੌਗ-ਵਾਨ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਸੜਕ ਹਾਦਸੇ 'ਚ ਪੰਜਾਬੀ ਗੱਭਰੂ ਦੀ ਮੌਤ
ਗੱਡੀ ਵਿੱਚ ਸਵਾਰ ਘੱਟੋ-ਘੱਟ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦੋਂ ਕਿ ਕਰੀਬ 29 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਵਾਂਗ ਨੇ ਦੱਸਿਆ ਕਿ ਜਿਨ੍ਹਾਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਦੀ ਲੋੜ ਨਹੀਂ ਸੀ, ਉਨ੍ਹਾਂ ਨੂੰ ਬਚਾਅ ਕਰਮਚਾਰੀਆਂ ਨੇ ਬੱਸਾਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ। ਇਹ ਹਾਦਸਾ ਸਿਓਲ ਤੋਂ ਲਗਭਗ 40 ਕਿਲੋਮੀਟਰ ਉੱਤਰ ਵਿਚ ਪੋਚਿਓਨ ਵੱਲ ਜਾਣ ਵਾਲੇ ਹਾਈਵੇਅ ਨੇੜੇ ਵਾਪਰਿਆ।
ਇਹ ਵੀ ਪੜ੍ਹੋ: ਸ਼ੇਖੀ ਮਾਰਨ ਲਈ ਫੁੱਲ ਰੇਸ 'ਤੇ ਭਜਾਈ ਗੱਡੀ ਨੇ ਸਿੱਖ ਔਰਤ ਨੂੰ ਮਾਰੀ ਟੱਕਰ, ਹੁਣ ਹੋਈ 6 ਸਾਲ ਦੀ ਕੈਦ