ਓਸ਼ਾਵਾ ਚਰਚ 'ਚ ਹੋਇਆ ਇਕੋ ਪਰਿਵਾਰ ਦੇ 4 ਮੈਂਬਰਾਂ ਦਾ ਸਸਕਾਰ
Saturday, Sep 19, 2020 - 05:02 PM (IST)
ਓਸ਼ਾਵਾ- ਵੀਰਵਾਰ ਨੂੰ ਓਸ਼ਾਵਾ ਚਰਚ ਵਿਚ ਇਕੋ ਪਰਿਵਾਰ ਦੇ ਕਤਲ ਹੋਏ 4 ਮੈਂਬਰਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਹਮਲੇ ਵਿਚ ਲੋਰੇਟਾ ਟਰਾਇਨੋਰ ਅਤੇ ਉਸ ਦਾ ਇਕ ਪੁੱਤ ਸੈਮ ਸੁਰੱਖਿਅਤ ਬਚੇ। ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਰਿਸ਼ਤੇਦਾਰ ਨੇ ਪੂਰੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ ਸੀ। ਇਸ ਹਾਦਸੇ ਵਿਚ ਕ੍ਰਿਸ ਟਰਾਇਨੋਰ, ਉਨ੍ਹਾਂ ਦੇ 3 ਬੱਚੇ 20 ਸਾਲਾ ਬਰੈਡਲੀ, 15 ਸਾਲਾ ਐਡੀਲੇਡ ਅਤੇ 11 ਸਾਲਾ ਜੋਇਏ ਦੀ ਮੌਤ ਹੋ ਗਈ ਸੀ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਇਆ।
ਹਾਦਸੇ ਵਿਚ ਸੁਰੱਖਿਅਤ ਬਚੀ ਲੋਰੇਟਾ ਟਰਾਇਨੋਰ ਵ੍ਹੀਲ ਚੇਅਰ 'ਤੇ ਚਰਚ ਪੁੱਜੀ, ਜਿੱਥੇ ਚਾਰਾਂ ਲਾਸ਼ਾਂ ਕਫਨ ਵਿਚ ਪਈਆਂ ਸਨ। ਲੋਰੇਟਾ ਹਸਪਤਾਲ ਵਿਚ ਇਲਾਜ ਕਰਵਾ ਰਹੀ ਸੀ।
ਜ਼ਿਕਰਯੋਗ ਹੈ ਕਿ 4 ਸਤੰਬਰ ਨੂੰ ਇਸ ਪਰਿਵਾਰ ਦੇ ਰਿਸ਼ਤੇਦਾਰ ਜੋ ਲੋਰੇਟਾ ਦਾ ਭਰਾ ਦੱਸਿਆ ਜਾ ਰਿਹਾ ਹੈ, ਨੇ ਤੜਕਸਾਰ ਪਰਿਵਾਰ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਕ ਬੱਚਾ ਕਾਲਜ ਗਿਆ ਸੀ, ਜਿਸ ਕਾਰਨ ਉਹ ਬਚ ਗਿਆ ਤੇ ਲੋਰੇਟਾ ਜ਼ਖਮੀ ਹੋ ਗਈ ਸੀ। ਉਸ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਕਿਹਾ ਕਿ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹੈ। ਉਨ੍ਹਾਂ ਦੇ ਵਿਆਹ ਨੂੰ 23 ਸਾਲ ਹੋ ਗਏ ਸਨ ਤੇ ਹੁਣ ਉਹ ਆਪਣੇ ਪਤੀ ਦੇ ਬਗੈਰ ਰਹਿਣ ਲਈ ਮਜ਼ਬੂਰ ਹੈ। ਉਸ ਨੇ ਦੱਸਿਆ ਕਿ ਉਸ ਦੇ ਬੱਚੇ ਹਮੇਸ਼ਾ ਖੁਸ਼ ਰਹਿੰਦੇ ਸਨ ਤੇ ਹੁਣ ਘਰ ਵਿਚ ਸੁੰਨ ਪੱਸਰ ਗਈ ਹੈ।