''ਵੈਲਨਟਾਈਨ ਡੇਅ'' ''ਤੇ ਕੀਤਾ ਸੀ ਪ੍ਰੇਮਿਕਾ ਦਾ ਕਤਲ, ਮਸ਼ਹੂਰ ਬਲੇਡ ਰਨਰ ਦੀ ਸਜ਼ਾ ਹੋਈ ਦੁੱਗਣੀ

11/26/2017 10:53:00 AM

ਜੋਹਾਨਸਬਰਗ (ਏਜੰਸੀ)— ਦੱਖਣੀ ਅਫਰੀਕੀ ਸੁਪਰੀਮ ਕੋਰਟ ਨੇ ਆਪਣੀ ਪ੍ਰੇਮਿਕਾ ਦੀ ਹੱਤਿਆ ਦੇ ਦੋਸ਼ੀ ਪਾਏ ਗਏ ਪੈਰਾਓਲੰਪਿਕ ਚੈਂਪੀਅਨ ਆਸਕਰ ਪਿਸਟੋਰੀਅਸ ਦੀ ਸਜ਼ਾ ਵਧਾ ਕੇ 13 ਸਾਲ 5 ਮਹੀਨੇ ਕਰ ਦਿੱਤੀ ਹੈ। ਐਥਲੈਟਿਕਸ ਦੀ ਦੁਨੀਆ ਵਿਚ 'ਬਲੇਡ ਰਨਰ' ਦੇ ਨਾਂ ਨਾਲ ਮਸ਼ਹੂਰ ਪਿਸਟੋਰੀਅਸ ਨੂੰ ਪਹਿਲਾਂ 6 ਸਾਲ ਦੀ ਸਜ਼ਾ ਹੋਈ ਸੀ। 
ਸੁਪਰੀਮ ਕੋਰਟ ਵਿਚ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਸੀ ਕਿ ਪਿਸਟੋਰੀਅਸ ਨੂੰ ਉਸ ਦੇ ਗੁਨਾਹ ਲਈ ਮਿਲੀ ਸਿਰਫ 6 ਸਾਲ ਦੀ ਸਜ਼ਾ ਬਹੁਤ ਘੱਟ ਹੈ। ਹੇਠਲੀ ਅਦਾਲਤ ਨੇ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਮੰਨਦੇ ਹੋਏ 2014 ਨੂੰ ਆਸਕਰ ਨੂੰ ਸਿਰਫ 5 ਸਾਲ ਦੀ ਸਜ਼ਾ ਸੁਣਾਈ ਸੀ। ਫਿਰ 2016 ਵਿਚ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਹੱਤਿਆ ਵਿਚ ਤਬਦੀਲ ਕਰ ਕੇ ਸਜ਼ਾ ਨੂੰ ਵਧਾ ਕੇ 6 ਸਾਲ ਕਰ ਦਿੱਤਾ ਸੀ। ਇਸਤਗਾਸਾ ਪੱਖ ਇਸ ਸਜ਼ਾ ਤੋਂ ਸੰਤੁਸ਼ਟ ਨਹੀਂ ਸੀ, ਇਸ ਲਈ ਪਿਸਟੋਰੀਅਸ ਦੀ ਸਜ਼ਾ ਵਧਾਉਣ ਲਈ ਸੁਪਰੀਮ ਕੋਰਟ 'ਚ ਮੁੜ ਅਪੀਲ ਕੀਤੀ ਗਈ। ਇਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। 

PunjabKesari
ਦੱਸਣਯੋਗ ਹੈ ਕਿ ਆਸਕਰ ਨੇ 2013 ਨੂੰ ਵੈਲਨਟਾਈਨ ਡੇਅ ਦੇ ਦਿਨ ਆਪਣੀ ਪ੍ਰੇਮਿਕਾ ਰੀਵਾ ਸਟੀਨਕੈਂਪ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪਿਸਟੋਰੀਅਸ ਨੇ ਰੀਵਾ ਨੂੰ ਗੋਲੀਆਂ ਮਾਰਨ ਦੀ ਗੱਲ ਕਬੂਲ ਕੀਤੀ ਸੀ ਪਰ ਉਸ ਨੇ ਦਲੀਲ ਦਿੱਤੀ ਸੀ ਕਿ ਉਸ ਨੇ ਉਸ ਨੂੰ ਘੁਸਪੈਠੀਆ ਸਮਝ ਕੇ ਗੋਲੀਆਂ ਚਲਾਈਆਂ ਸਨ। ਇੱਥੇ ਦੱਸ ਦੇਈਏ ਕਿ ਲੱਖਾਂ ਲੋਕਾਂ ਦੀ ਜ਼ਿੰਦਗੀ 'ਚ ਹਾਰ ਨਾ ਮੰਨਣ ਦੀ ਪ੍ਰੇਰਣਾ ਦੇਣ ਵਾਲੇ ਪਿਸਟੋਰੀਅਸ ਨੇ ਨਕਲੀ ਪੈਰਾਂ ਦੇ ਸਹਾਰੇ ਕਈ ਵੱਡੇ ਮੁਕਾਬਲੇ ਜਿੱਤੇ। ਉਸ ਦੇ ਨਾਂ 6 ਪੈਰਾਓਲੰਪਿਕ ਸੋਨ ਤਮਗੇ ਦਰਜ ਹਨ।


Related News