ਸਮਾਜ ਸੇਵੀ ਸੰਸਥਾ ਬੇਗਮਪੁਰਾ ਏਡ ਇੰਟਰਨੈਸ਼ਨਲ ਨੇ ਫੜੀ ਪਾਕਿਸਤਾਨ ਦੇ ਹੜ੍ਹ ਪੀੜਤ ਲੋਕਾਂ ਦੀ ਬਾਂਹ
Tuesday, Oct 04, 2022 - 12:06 PM (IST)
ਰੋਮ (ਦਲਵੀਰ ਕੈਂਥ)- ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫ਼ੇ 'ਤੇ ਮਿਸ਼ਨ ਨੂੰ ਸਮਰਪਿਤ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਬੇਗਮਪੁਰਾ ਏਡ ਇੰਟਰਨੈਸ਼ਨਲ ਪਾਕਿਸਤਾਨ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਪਾਕਿਸਤਾਨ ਪਹੁੰਚੀ ਹੋਈ ਹੈ। ਇਹ ਜਾਣਕਾਰੀ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਨੇ ਇਟਾਲੀਅਨ ਪੰਜਾਬੀ ਕਲੱਬ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪਾਕਿਸਤਾਨ ਵਿੱਚ ਵਸਦੇ ਲੋਕ ਹੜ੍ਹ ਆਉਣ ਕਾਰਨ ਭਿਆਨਕ ਭੁੱਖਮਾਰੀ ਦਾ ਸ਼ਿਕਾਰ ਹੁੰਦੇ ਹੋਏ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੁਝ ਰਹੇ ਹਨ।
ਪਾਕਿਸਤਾਨ ਦੇ ਸਿੰਧ ਸੂਬੇ ਦੇ ਜ਼ਿਲ੍ਹਾ ਦਾਦੂ ਦੇ ਲੋਕਾਂ ਨੂੰ ਹੜ੍ਹ ਦੀ ਮਾਰ ਝੱਲਣੀ ਪੈ ਰਹੀ ਹੈ। ਪਾਕਿਸਤਾਨ ਵਿਚ ਹੁਣ ਤੱਕ ਹੜ੍ਹ ਕਾਰਨ 1695 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹੜ੍ਹ ਨਾਲ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ, 20 ਲੱਖ ਤੋਂ ਵੱਧ ਘਰ ਤਬਾਹ ਹੋ ਗਏ ਹਨ। ਕੁਦਰਤ ਦਾ ਕਹਿਰ ਸਹੇੜ ਰਹੇ ਇਹਨਾਂ ਲੋਕਾਂ ਲਈ ਬੇਗਮਪੁਰਾ ਏਡ ਇੰਟਰਨੈਸ਼ਨਲ ਪਾਕਿਸਤਾਨ 'ਚ ਲੰਗਰ, ਦਵਾਈਆਂ ਸਮੇਤ ਹੋਰ ਵੀ ਜ਼ਰੂਰੀ ਵਸਤੂਆਂ ਦਾ ਪ੍ਰਬੰਧ ਕਰ ਰਹੀ ਹੈ। ਜ਼ਿਕਰਯੋਗ ਹੈ ਕੀ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਦੇਸ਼ਾਂ-ਵਿਦੇਸ਼ਾ 'ਚ ਮਾਨਵਤਾ ਦੇ ਭਲੇ ਵਾਸਤੇ ਕਾਰਜ ਕਰ ਰਹੀ ਹੈ ਅਤੇ ਪੰਜਾਬ 'ਚ ਬੇਗਮਪੁਰਾ ਏਡ ਇੰਟਰਨੈਸਨਲ ਪਿਛਲੇ ਕਾਫੀ ਸਮੇਂ ਤੋਂ ਲੋੜਵੰਦਾਂ ਅਤੇ ਬਿਮਾਰਾਂ ਦਾ ਇਲਾਜ ਕਰਾਉਣ ਦੇ ਨਾਲ ਨਾਲ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਵੀ ਮਦਦ ਕਰ ਰਹੀ ਹੈ। ਇਹ ਟੀਮ ਪਹਿਲਾਂ ਯੂਕੇਨ ਰੂਸ ਯੁੱਧ ਦੇ ਸ਼ਿਕਾਰ ਆਮ ਲੋਕਾਂ ਦਾ ਸਹਾਰਾ ਬਣੀ ਸੀ।