ਨਾਈਜ਼ੀਰੀਆ ਵਿਚ ਬੋਕੋ ਹਰਾਮ ਨੇ ਕੀਤੀ 31 ਮਛੇਰਿਆਂ ਦੀ ਹੱਤਿਆ

Tuesday, Aug 08, 2017 - 10:46 AM (IST)

ਨਾਈਜ਼ੀਰੀਆ ਵਿਚ ਬੋਕੋ ਹਰਾਮ ਨੇ ਕੀਤੀ 31 ਮਛੇਰਿਆਂ ਦੀ ਹੱਤਿਆ

ਕਾਨੋ— ਉੱਤਰੀ-ਪੂਰਬੀ ਨਾਈਜ਼ੀਰੀਆ ਵਿਚ ਚਾਡ ਝੀਲ ਦੇ ਟਾਪੂਆਂ 'ਤੇ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਹਮਲਿਆਂ ਵਿਚ ਘੱਟ ਤੋਂ ਘੱਟ 31 ਮਛੇਰੇ ਮਾਰੇ ਗਏ। ਹਥਿਆਰਬੰਦ ਅੱਤਵਾਦੀ ਸ਼ਨੀਵਾਰ ਨੂੰ ਝੀਲ ਰਾਹੀਂ ਡੁਗੁਰੀ ਅਤੇ ਡਬਾਰ ਵਨਜਾਮ ਟਾਪੂਆਂ ਵਿਚ ਦਾਖਲ ਹੋਏ ਅਤੇ ਉੱਥੇ ਕੰਮ ਕਰ ਰਹੇ ਮਛੇਰਿਆਂ 'ਤੇ ਹਮਲਾ ਕਰ ਦਿੱਤਾ। ਮੈਦੁਗੁਰੀ ਵਿਚ ਜਿਹਾਦੀਆਂ ਨਾਲ ਲੜਨ ਵਾਲੇ ਸਥਾਨਕ ਮਿਲੀਸ਼ੀਆ ਦੇ ਇਕ ਮੈਂਬਰ ਬਾਬਾਕੁਰਾ ਕੋਲੋ ਨੇ ਦੱਸਿਆ,'' ਬੋਕੋ ਹਰਾਮ ਨੇ ਡੁਗੁਰੀ ਅਤੇ ਡਬਾਰ ਵਨਜਾਮ ਟਾਪੂਆਂ 'ਤੇ ਹਮਲਾ ਕੀਤਾ ਅਤੇ 31 ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਡੁਗੁਰੀ ਵਿਚ 14 ਲੋਕਾਂ ਦੀ ਹੱਤਿਆ ਕੀਤੀ ਅਤੇ ਡਬਾਰ ਵਨਜਾਮ ਵਿਚ 17 ਲੋਕਾਂ ਦੀ ਹੱਤਿਆ ਕੀਤੀ।'' 
ਬੋਕੋ ਹਰਾਮ ਨੇ ਬੀਤੇ ਕੁਝ ਸਾਲਾਂ ਵਿਚ ਇਸ ਖੇਤਰ ਵਿਚ ਹਮਲੇ ਕਰ ਕੇ ਸੰਚਾਰ ਸੇਵਾਵਾਂ ਨੂੰ ਨਸ਼ਟ ਕਰ ਦਿੱਤਾ ਹੈ, ਜਿਸ ਕਾਰਨ ਹਮਲੇ ਦੀ ਖਬਰ ਫੈਲਣ ਵਿਚ ਦੇਰੀ ਹੋਈ। ਇਕ ਮਛੇਰੇ ਸਾਲਾਉ ਇਨੁਵਾ ਨੇ ਕਿਹਾ ਕਿ ਬੋਕੋ ਹਰਾਮ ਨੇ ਪਹਿਲਾਂ ਡੁਗੁਰੀ ਟਾਪੂ 'ਤੇ ਹਮਲਾ ਕਰ 12 ਮਛੇਰਿਆਂ ਨੂੰ ਮਾਰ ਦਿੱਤਾ। ਹਮਲੇ ਵਿਚ ਜ਼ਖਮੀ 2 ਹੋਰ ਮਛੇਰਿਆਂ ਦੀ ਬਾਅਦ ਵਿਚ ਮੌਤ ਹੋ ਗਈ। ਇਨੁਵਾ ਨੇ ਕਿਹਾ,'' ਹਮਲਾਵਰ ਦੋ ਸਮੂਹਾਂ ਵਿਚ ਵੰਡੇ ਹੋਏ ਸਨ। ਪਹਿਲੇ ਸਮੂਹ ਨੇ ਡੁਗੁਰੀ 'ਤੇ ਹਮਲਾ ਕੀਤਾ ਜਦਕਿ ਦੂਜੇ ਸਮੂਹ ਨੇ ਡਬਾਰ ਵਨਜਾਮ ਵਿਚ ਹਮਲਾ ਕੀਤਾ। ਇੱਥੇ ਉਹ ਉਨ੍ਹਾਂ ਲੋਕਾਂ ਦਾ ਇੰਤਜ਼ਾਰ ਕਰ ਰਹੇ ਸਨ ਜੋ ਡੁਗੁਰੀ ਵਿਚ ਹਮਲਾ ਹੋਣ ਮਗਰੋਂ ਭੱਜ ਆਏ ਸਨ। ਉਨ੍ਹਾਂ ਨੇ ਡਬਾਰ ਵਨਜਾਮ ਵਿਚ 17 ਲੋਕਾਂ ਨੂੰ ਮਾਰ ਦਿੱਤਾ।''
ਫੌਜ ਅਤੇ ਨਾਈਜ਼ੀਰੀਆ ਦੇ ਅਧਿਕਾਰੀਆਂ ਨੇ ਹੁਣ ਤੱਕ ਹਮਲਿਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਨਾਈਜ਼ੀਰਆ, ਨਾਈਜ਼ਰ, ਕੈਮਰੂਨ ਅਤੇ ਚਾਡ ਤੱਕ ਫੈਲੀ ਇਸ ਝੀਲ ਵਿਚ ਫੌਜੀ ਅਧਿਕਾਰੀਆਂ ਨੇ ਇਕ ਹਫਤੇ ਪਹਿਲਾਂ ਹੀ ਮੱਛੀਆਂ ਫੜਨ 'ਤੇ ਲਗਾਈ 2 ਸਾਲ ਦੀ ਪਾਬੰਦੀ ਹਟਾ ਲਈ ਸੀ, ਜਿਸ ਮਗਰੋਂ ਇਹ ਹਮਲਾ ਹੋਇਆ। ਨਾਈਜ਼ੀਰੀਆ ਦੀ ਫੌਜ ਨੇ ਆਪਣੇ ਖੇਤਰ ਦੀ ਝੀਲ ਵਿਚ ਮੱਛੀ ਫੜਨ 'ਤੇ ਪਾਬੰਦੀ ਲਗਾ ਦਿੱਤੀ ਸੀ। ਅਜਿਹੇ ਦੋਸ਼ ਸਨ ਕਿ ਬੋਕੋ ਹਰਾਮ ਮੱਛੀਆਂ ਫੜ ਕੇ ਆਪਣੀ ਹਥਿਆਰਬੰਦ ਮੁਹਿੰਮ ਲਈ ਫੰਡ ਇਕੱਠਾ ਕਰ ਰਿਹਾ ਹੈ। ਨਵੰਬਰ 2014 ਵਿਚ ਬੋਕੋ ਹਰਾਮ ਨੇ ਬਾਗਾ ਦੇ ਨੇੜੇ 48 ਮਛੇਰਿਆਂ ਦੀ ਹੱਤਿਆ ਕਰ ਦਿੱਤੀ ਸੀ, ਜੋ ਮੱਛੀ ਖਰੀਦਣ ਲਈ ਚਾਡ ਜਾ ਰਹੇ ਸਨ। ਇਸ ਖੇਤਰ ਵਿਚ ਜਿਹਾਦੀਆਂ ਦਾ ਮਛੇਰਿਆਂ 'ਤੇ ਇਹ ਸਭ ਤੋਂ ਭਿਆਨਕ ਹਮਲਾ ਸੀ।


Related News