ਮਿਸੀਸਿਪੀ ਨੇ ਕੋਰੋਨਾ ਪਾਜ਼ੇਟਿਵ ਲੋਕਾਂ ਨੂੰ ਦਿੱਤੇ ਇਕਾਂਤਵਾਸ ਜਾਂ ਜੇਲ੍ਹ ਦੀ ਸਜ਼ਾ ਦੇ ਆਦੇਸ਼

Tuesday, Aug 24, 2021 - 12:47 AM (IST)

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਮਿਸੀਸਿਪੀ ਸਟੇਟ ਦਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੀ ਲਾਗ ਨੂੰ ਠੱਲ੍ਹ ਪਾਉਣ ਲਈ ਸਖਤੀ ਭਰਿਆ ਵਤੀਰਾ ਅਪਣਾ ਰਿਹਾ ਹੈ। ਮਿਸੀਸਿਪੀ ਸਟੇਟ ਡਿਪਾਰਟਮੈਂਟ ਆਫ ਹੈਲਥ ਨੇ ਸ਼ੁੱਕਰਵਾਰ ਨੂੰ ਇੱਕ ਚੇਤਾਵਨੀ ਜਾਰੀ ਕਰਦਿਆਂ, ਕਿਸੇ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਵਿਅਕਤੀਆਂ ਨੂੰ ਘੱਟੋ-ਘੱਟ 10 ਦਿਨਾਂ ਲਈ ਇਕਾਂਤਵਾਸ ਹੋਣ ਜਾਂ 5 ਸਾਲ ਦੀ ਕੈਦ ਤੇ 5,000 ਡਾਲਰ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨ ਦਾ ਆਦੇਸ਼ ਦਿੱਤੇ ਹਨ। ਮਿਸੀਸਿਪੀ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਕਾਰਨ ਇਹ ਆਦੇਸ਼ ਜਾਰੀ ਕੀਤਾ ਗਿਆ ਹੈ। 

ਇਹ ਖ਼ਬਰ ਪੜ੍ਹੋ-  ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਸਹੀ ਸਮਾਂ : ਗੋਪੀਨਾਥ


ਸੂਬੇ ਵਿੱਚ ਨਵੇਂ ਮਾਮਲਿਆਂ ਦੀ 7 ਦਿਨਾਂ ਦੀ ਔਸਤ ਸ਼ੁੱਕਰਵਾਰ ਨੂੰ 4,316 ਤੱਕ ਦਰਜ ਕੀਤੀ ਗਈ ਹੈ। ਸਟੇਟ ਹੈਲਥ ਅਫਸਰ ਡਾ: ਥਾਮਸ ਡੌਬਸ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਹਨਾਂ ਆਦੇਸ਼ਾਂ ਅਨੁਸਾਰ ਕੋਵਿਡ-19 ਨਾਲ ਸੰਕਰਮਿਤ ਕਿਸੇ ਵੀ ਵਿਅਕਤੀ ਨੂੰ ਬਿਮਾਰੀ ਦੇ ਸ਼ੁਰੂ ਹੋਣ ਤੋਂ 10 ਦਿਨਾਂ ਤੱਕ ਘਰ ਜਾਂ ਹੋਰ ਢੁੱਕਵੀਂ ਰਿਹਾਇਸ਼ੀ ਜਗ੍ਹਾ 'ਤੇ ਰਹਿਣਾ ਚਾਹੀਦਾ ਹੈ। ਇਕੱਲਤਾ ਦੇ ਆਦੇਸ਼ ਦੀ ਪਾਲਣਾ ਨਾ ਕਰਨ ਦੇ ਨਤੀਜੇ ਵਜੋਂ 500 ਡਾਲਰ ਦਾ ਜੁਰਮਾਨਾ ਜਾਂ ਛੇ ਮਹੀਨਿਆਂ ਦੀ ਕੈਦ ਹੋ ਸਕਦੀ ਹੈ। ਕਿਉਂਕਿ ਕੋਵਿਡ-19 ਇੱਕ ਜਾਨਲੇਵਾ ਬਿਮਾਰੀ ਹੈ, ਇਸ ਲਈ ਇਹ ਸੰਭਾਵਿਤ ਸਜਾਵਾਂ 5,000 ਡਾਲਰ ਜਾਂ ਪੰਜ ਸਾਲ ਦੀ ਕੈਦ ਜਾਂ ਦੋਵੇਂ ਵੀ ਹੋ ਸਕਦੀਆਂ ਹਨ। ਰਾਜ ਦੇ ਸਿਹਤ ਅੰਕੜਿਆਂ ਦੇ ਅਨੁਸਾਰ, ਮਿਸੀਸਿਪੀ ਦੇ ਹਸਪਤਾਲਾਂ 'ਚ ਇਸ ਵੇਲੇ ਮਹਾਮਾਰੀ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਕੋਵਿਡ-19 ਮਰੀਜ਼ ਦਾਖਲ ਹਨ, ਜਿਸ ਤਹਿਤ ਬੁੱਧਵਾਰ ਤੱਕ ਤਕਰੀਬਨ 1,660 ਮਰੀਜ਼ ਹਸਪਤਾਲ 'ਚ ਦਾਖਲ ਸਨ, ਜਿਨ੍ਹਾਂ 'ਚੋਂ 457 ਆਈ. ਸੀ. ਯੂ. ਤੇ 324 ਵੈਂਟੀਲੇਟਰਾਂ 'ਤੇ ਸਨ। ਇਸ ਲਈ ਪ੍ਰਸ਼ਾਸਨ ਵੱਲੋਂ ਪੀੜਤ ਲੋਕਾਂ ਨੂੰ ਇਕਾਂਤਵਾਸ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਲਾਗ ਦੇ ਵਾਧੇ ਨੂੰ ਰੋਕਿਆ ਜਾ ਸਕੇ।

ਇਹ ਖ਼ਬਰ ਪੜ੍ਹੋ- ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News