ਇਟਲੀ ’ਚ ਇਕ ਭਾਰਤੀ ਕੋਲੋਂ ਫੜੇ ਗਏ 54 ਕਿਲੋ ਡੋਡੇ, ਅਫ਼ੀਮ ਤੇ ਨਕਦੀ
Friday, Dec 26, 2025 - 05:12 AM (IST)
ਰੋਮ (ਦਲਵੀਰ ਕੈਂਥ) - ਬੀਤੇ ਦਿਨ ਉਸ ਸਮੇਂ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਤੜਕਸਾਰ 4 ਵਜੇ ਪੁਲਸ ਪਾਰਟੀ ਵੱਲੋਂ ਇਕ ਭਾਰਤੀ ਮੂਲ ਦੇ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਅਪ੍ਰੀਲੀਆ ਵਿਖੇ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਉਸ ਦੀ ਗੱਡੀ ’ਚੋਂ ਨੀਲੇ ਰੰਗ ਦੇ ਵੱਡੇ-ਵੱਡੇ ਲਿਫਾਫਿਆਂ ਵਿਚੋਂ ਡੋਡੇ ਮਿਲੇ, ਜਿਨ੍ਹਾਂ ਦਾ ਭਾਰ ਲੱਗਭਗ 54 ਕਿੱਲੋ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਅਫੀਮ ਦੇ ਪੈਕਟ ਤੇ ਯੂਰੋ ਵੀ ਬਰਾਮਦ ਕੀਤੇ ਗਏ।
ਅਪ੍ਰੀਲੀਆ ਸ਼ਹਿਰ ਦੇ ਥਾਣਾ ਮੁਖੀ ਤੇ ਜ਼ਿਲਾ ਪੁਲਸ ਮੁਖੀ ਵੱਲੋਂ ਸਾਂਝੇ ਤੌਰ ’ਤੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਗਿਆ ਕਿ ਮੁਲਜ਼ਮ ਕੋਲੋਂ ਨਸ਼ੀਲਾ ਪਦਾਰਥ ਤੇ 11.500 ਯੂਰੋ ਦੀ ਨਕਦੀ ਬਰਾਮਦ ਕੀਤੀ ਗਈ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਪੁਲਸ ਦੀ ਕਾਰਵਾਈ ਦੇ ਆਧਾਰ ’ਤੇ ਉਸ ਨੂੰ ਜੇਲ ਵਿਚ ਭੇਜ ਦਿੱਤਾ ਗਿਆ।
