ਓਂਟਾਰੀਓ ਦੀ ਸੰਘੀ ਸਰਕਾਰ ਨੂੰ ਅਪੀਲ,-"ਹਵਾਈ ਅੱਡਿਆਂ ''ਤੇ ਸਖ਼ਤੀ ਨਾਲ ਹੋਣ ਕੋਰੋਨਾ ਟੈਸਟ"

12/22/2020 12:14:21 PM

ਓਟਾਵਾ- ਓਂਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਦੇ ਮਾਮਲੇ ਵਧਣ ਕਾਰਨ ਕੌਮਾਂਤਰੀ ਯਾਤਰੀਆਂ ਦੇ ਕੋਰੋਨਾ ਟੈਸਟ ਹਵਾਈ ਅੱਡਿਆਂ 'ਤੇ ਬਹੁਤ ਚੰਗੀ ਤਰ੍ਹਾਂ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦਾ ਨਵਾਂ ਖਤਰਨਾਕ ਰੂਪ ਮਿਲਣ ਮਗਰੋਂ ਕੌਮਾਂਤਰੀ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਕੈਨੇਡਾ ਸਰਕਾਰ ਕੁਤਾਹੀ ਵਰਤ ਕੇ ਹੋਰਾਂ ਦੀ ਜਾਨ ਖ਼ਤਰੇ ਵਿਚ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਸਿਰਫ ਟੋਰਾਂਟੋ ਪੀਅਰਸਨ ਹਵਾਈ ਅੱਡੇ 'ਤੇ ਹੀ 64,000 ਯਾਤਰੀ ਪੁੱਜੇ ਪਰ ਉਨ੍ਹਾਂ ਦਾ ਚੰਗੀ ਤਰ੍ਹਾਂ ਟੈਸਟ ਨਹੀਂ ਕੀਤਾ ਗਿਆ। 

ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦਾ ਹਵਾਈ ਅੱਡੇ 'ਤੇ ਬਹੁਤ ਚੰਗੀ ਤਰ੍ਹਾਂ ਟੈਸਟ ਕੀਤਾ ਜਾਵੇ ਤਾਂ ਕੋਰੋਨਾ ਮਾਮਲੇ ਦੇਸ਼ ਵਿਚ ਵਧਣ ਤੋਂ ਰੋਕੇ ਜਾ ਸਕਦੇ ਹਨ ਪਰ ਅਜਿਹਾ ਅਸਲ ਵਿਚ ਨਹੀਂ ਹੋ ਰਿਹਾ। ਜੇਕਰ 10 ਵਿਅਕਤੀ ਵੀ ਬਿਨਾਂ ਟੈਸਟ ਕੀਤੇ ਦੇਸ਼ ਵਿਚ ਦਾਖਲ ਹੋ ਗਏ ਤਾਂ ਇਹ ਕਈ ਲੋਕਾਂ ਨੂੰ ਕੋਰੋਨਾ ਪੀੜਤ ਕਰ ਸਕਦੇ ਹਨ। 

ਉਨ੍ਹਾਂ ਕਿਹਾ ਕਿ ਸੰਘੀ ਸਰਕਾਰ ਨੂੰ ਇਸ ਉੱਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਕੈਲਗਰੀ ਹਵਾਈ ਅੱਡੇ 'ਤੇ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਹਵਾਈ ਅੱਡੇ 'ਤੇ ਟੈਸਟ ਦੇ ਬਾਅਦ ਨੈਗੇਟਿਵ ਟੈਸਟ ਵਾਲਾ ਵਿਅਕਤੀ 7 ਕੁ ਦਿਨ ਬਾਅਦ ਦੁਬਾਰਾ ਟੈਸਟ ਕਰਵਾਉਂਦਾ ਸੀ ਤੇ ਇਕਾਂਤਵਾਸ ਵਿਚ ਨਹੀਂ ਰਹਿੰਦਾ ਸੀ ਪਰ ਕੁਝ ਮਾਮਲਿਆਂ ਵਿਚ ਦੂਜੀ ਵਾਰ ਟੈਸਟ ਦੌਰਾਨ  ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ।  ਇਸ ਲਈ ਇਕਾਂਤਵਾਸ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। 


Lalita Mam

Content Editor

Related News