ਕੋਰੋਨਾ ''ਤੇ ਜਿੱਤ : ਬਜ਼ੁਰਗ ਨੂੰ 107 ਦਿਨਾਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ
Thursday, Jul 23, 2020 - 09:24 AM (IST)
ਕਿਚਨਰ- ਕੈਨੇਡਾ ਵਿਚ ਰਹਿੰਦੇ ਟਾਮ ਲਾਂਗਾਨ ਨਾਂ ਦੇ ਬਜ਼ੁਰਗ ਨੂੰ ਕੋਰੋਨਾ ਪੀੜਤ ਹੋਣ ਮਗਰੋਂ 107 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ ਹੈ। ਇਸ ਦੌਰਾਨ ਉਨ੍ਹਾਂ ਦੀ ਆਵਾਜ਼ ਵੀ ਚਲੀ ਗਈ ਸੀ ਪਰ ਫਿਰ ਵੀ ਉਨ੍ਹਾਂ ਨੇ ਹਿੰਮਤ ਨਾ ਛੱਡੀ ਤੇ ਕੋਰੋਨਾ ਨੂੰ ਮਾਤ ਦੇ ਦਿੱਤੀ। 58 ਸਾਲਾ ਟਾਮ ਮਾਰਚ ਮਹੀਨੇ ਕੋਰੋਨਾ ਦੇ ਸ਼ਿਕਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਗਲਾ ਖਰਾਬ ਹੋ ਗਿਆ ਸੀ ਤੇ ਉਹ ਮੁਸ਼ਕਲ ਨਾਲ ਸਾਹ ਲੈ ਰਿਹਾ ਸੀ।
ਓਂਟਾਰੀਓ ਵਾਸੀ ਟਾਮ ਨੂੰ ਗਰੈਂਡ ਰਿਵਰ ਹਸਪਤਾਲ ਦੇ ਆਈ. ਸੀ. ਯੂ. ਵਿਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੇ ਖੂਨ ਵਿਚ ਖਰਾਬੀ ਆ ਗਈ ਸੀ ਤੇ ਇਨਫੈਕਸ਼ਨ ਕਾਰਨ ਉਨ੍ਹਾਂ ਦੀ ਹਾਲਤ ਖਰਾਬ ਹੋ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਆਵਾਜ਼ ਵੀ ਬੰਦ ਹੋ ਗਈ ਸੀ ਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਇਸ਼ਾਰੇ ਤੇ ਬੁੱਲ੍ਹ ਹਿੱਲਣ ਤੋਂ ਅੰਦਾਜ਼ਾ ਲਗਾਉਂਦੀ ਸੀ ਕਿ ਉਹ ਕੀ ਕਹਿਣਾ ਚਾਹੁੰਦੇ ਹਨ। ਟਾਮ ਨੇ ਕਿਹਾ ਕਿ ਹੁਣ ਉਹ ਬਿਲਕੁਲ ਠੀਕ ਹਨ ਤੇ ਚਾਹੁੰਦੇ ਹਨ ਕਿ ਉਹ ਆਪਣੀ ਪਤਨੀ ਨੂੰ ਆਈਸਕ੍ਰੀਮ ਖੁਆਉਣ ਤੇ ਉਸ ਦਾ ਧੰਨਵਾਦ ਕਰਨ। ਟਾਮ ਦੇ ਪੁੱਤਰਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਪਿਤਾ ਠੀਕ ਹੋ ਕੇ ਵਾਪਸ ਘਰ ਆ ਗਏ ਹਨ।